ਬੀਤੇ ਦਿਨੀਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਦੀ ਅੱਜ ਰੋਪੜ ਅਦਾਲਤ ਵਿਚ ਪੇਸ਼ੀ ਸੀ ਪਰ ਇਸ ਦੌਰਾਨ ਉਸ ਸਮੇਂ ਮਾਹੌਲ ਹਫੜਾ-ਦਫੜੀ ਦਾ ਬਣ ਗਿਆ ਜਦੋਂ ਬੇਅਦਬੀ ਦੇ ਮੁਲਜ਼ਮ ਉਪਰ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਕਿ ਬੀਤੇ ਦਿਨੀਂ ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਨੂੰ ਅੱਜ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਰੋਪੜ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਇਸ ਮੌਕੇ ਬੇਅਦਬੀ ਦੇ ਦੋਸ਼ੀ ਜਸਵੀਰ ਸਿੰਘ ਉਤੇ ਵਕੀਲ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਵਕੀਲ ਨੇ ਉਸ ਉਪਰ ਪਿਸਤੌਲ ਤਾਣ ਦਿੱਤੀ। ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਹੀ ਵਕੀਲ ਨੂੰ ਕਾਬੂ ਕਰ ਲਿਆ। ਵਕੀਲ ਦਾ ਨਾਂ ਸਾਹਿਬ ਸਿੰਘ ਹੈ ਅਤੇ ਉਹ ਅਦਾਲਤ ਵਿੱਚ ਪਿਸਤੌਲ ਲੈ ਕੇ ਪੁੱਜਿਆ ਸੀ। ਪੁਲਿਸ ਮੁਲਾਜਮਾਂ ਨੇ ਵਕੀਲ ਦੀ ਪਿਸਤੌਲ ਮੌਕੇ ਉਤੇ ਖੋਹ ਲਈ ਗਈ।
ਦੱਸ ਦਈਏ ਕਿ ਮੋਰਿੰਡਾ ਬੇਅਦਬੀ ਕਾਂਡ ਦੇ ਮੁਲਜ਼ਮ ਜਸਬੀਰ ਸਿੰਘ ਨੂੰ ਰੋਪੜ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਜਸਬੀਰ ਸਿੰਘ ਨੂੰ ਦੋ ਦਿਨ ਲਈ ਹੋਰ ਰਿਮਾਂਡ ਉਪਰ ਭੇਜ ਦਿੱਤਾ ਹੈ। ਇਹ ਵਕੀਲ ਸਾਹਿਬ ਸਿੰਘ ਰੋਪੜ ਕੋਰਟ ਵਿੱਚ ਪ੍ਰੈਕਟਿਸ ਕਰਦਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮੌਕੇ ਦੋਸ਼ੀ ਜਸਬੀਰ ਸਿੰਘ ਨੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਨਾਲ ਕੁੱਟਮਾਰ ਕੀਤੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੋਸ਼ੀ ਜਸਬੀਰ ਸਿੰਘ ਨੂੰ ਕਾਬੂ ਕਰਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ। ਅਦਾਲਤ ਨੇ ਦੋਸ਼ੀ ਨੂੰ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਸੀ। ਜਿਸ ਨੂੰ ਅੱਜ ਪੁਲਿਸ ਨੇ ਰੋਪੜ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ।