ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸੋਸ਼ਣ ਅਤੇ ਡਰਾਉਣ-ਧਮਕਾਉਣ ਦੇ ਲੱਗੇ ਦੋਸ਼ਾਂ ਤਹਿਤ ਕਾਰਵਾਈ ਦੀ ਮੰਗ ਨੂੰ ਲੈਕੇ ਦਿੱਲੀ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦਾ ਧਰਨਾ-ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਦੌਰਾਨ ਕਈ ਸਿਆਸੀ ਆਗੂਆਂ ਦਾ ਸਮਰਥਨ ਮਿਲਣ ਤੋਂ ਬਾਅਦ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਜੰਤਰ-ਮੰਤਰ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਹਿਯੋਗ ਦਾ ਭਰੋਸਾ ਵੀ ਦਿਵਾਇਆ ਹੈ। ਹਾਲਾਂਕਿ, ਉਹ ਪੱਤਰਕਾਰਾਂ ਨਾਲ ਗੱਲਬਾਤ ਕਰੇ ਬਿਨਾਂ ਹੀ ਜੰਤਰ-ਮੰਤਰ ਤੋਂ ਵਾਪਸ ਚਲੇ ਗਏ। ਇਸ ਦੌਰਾਨ ਉਹਨਾਂ ਨੇ ਆਪਣਾ ਕੋਈ ਬਿਆਨ ਨਹੀਂ ਦਿੱਤਾ ਹੈ।
ਦਸ ਦਈਏ ਕਿ ਸਾਬਕਾ ਦੌੜਾਕ ਊਸ਼ਾ ਨੇ ਪਹਿਲਾਂ ਪਹਿਲਵਾਨਾਂ ਦੇ ਪ੍ਰਦਰਸ਼ਨ ‘ਤੇ ਟਿਪਣੀ ਕੀਤੀ ਸੀ ਅਤੇ ਕਿਹਾ ਸੀ ਕਿ ਪਹਿਲਵਾਨਾਂ ਵੱਲੋਂ ਦੁਬਾਰਾ ਪ੍ਰਦਰਸ਼ਨ ਕਰਨਾ ‘ਅਨੁਸ਼ਾਸਨਹੀਤਾ’ ਹੈ ਅਤੇ ਦੇਸ਼ ਦੇ ‘ਅਕਸ’ ਨੂੰ ਖਰਾਬ ਕਰ ਰਿਹਾ ਹੈ। ਜਿਸ ਤੋਂ ਬਾਅਦ ਪਹਿਲਵਾਨਾਂ ਨੇ ਇਸ ਬਿਆਨ ‘ਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਸੀ ਕਿ “ਸਾਨੂੰ ਪੀਟੀ ਊਸ਼ਾ ਜੀ ਤੋਂ ਇਹ ਉਮੀਦ ਨਹੀਂ ਸੀ, ਅਸੀਂ ਸੋਚਿਆ ਕਿ ਉਹ ਐਥਲੀਟਾਂ ਦੇ ਨਾਲ ਖੜ੍ਹੀ ਹੋਵੇਗੀ”। ਜਿਸ ਤੋਂ ਬਾਅਦ ਅੱਜ ਉਹ ਖਿਡਾਰੀਆਂ ਨਾਲ ਮੁਲਾਕਾਤ ਕਰਨ ਲਈ ਜੰਤਰ-ਮੰਤਰ ਵਿਖੇ ਪਹੁੰਚੇ।
ਮੁਲਾਕਾਤ ਤੋਂ ਬਾਅਦ ਬਜਰੰਗ ਪੁਨੀਆ ਨੇ ਕਿਹਾ ਕਿ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਮਦਦ ਦਾ ਭਰੋਸਾ ਦਿੱਤਾ ਹੈ। ਬਜਰੰਗ ਨੇ ਮੀਡੀਆ ਨੂੰ ਕਿਹਾ, ”ਸ਼ੁਰੂਆਤ ‘ਚ ਜਦੋਂ ਉਨ੍ਹਾਂ ਨੇ ਅਜਿਹਾ ਕਿਹਾ ਤਾਂ ਸਾਨੂੰ ਬਹੁਤ ਬੁਰਾ ਲੱਗਾ ਪਰ ਫਿਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਦਾ ਗਲਤ ਮਤਲਬ ਕੱਢਿਆ ਗਿਆ ਹੈ। ਉਸ ਨੇ ਕਿਹਾ ਕਿ ਉਹ ਪਹਿਲਾਂ ਐਥਲੀਟ ਹੈ ਅਤੇ ਬਾਅਦ ਵਿਚ ਪ੍ਰਸ਼ਾਸਕ।” ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਪਹਿਲਵਾਨ ਨੇ ਕਿਹਾ, ”ਅਸੀਂ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ। ਸਾਡਾ ਸਰਕਾਰ ਜਾਂ ਵਿਰੋਧੀ ਧਿਰ ਜਾਂ ਕਿਸੇ ਹੋਰ ਨਾਲ ਕੋਈ ਝਗੜਾ ਨਹੀਂ ਹੈ। ਅਸੀਂ ਇੱਥੇ ਕੁਸ਼ਤੀ ਦੀ ਬਿਹਤਰੀ ਲਈ ਬੈਠੇ ਹਾਂ। ਜੇਕਰ ਇਹ ਮਸਲਾ ਹੱਲ ਹੋ ਜਾਂਦਾ ਹੈ ਅਤੇ ਦੋਸ਼ (WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ) ਸਾਬਤ ਹੋ ਜਾਂਦੇ ਹਨ, ਤਾਂ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’
ਇਹ ਪੁੱਛੇ ਜਾਣ ‘ਤੇ ਕਿ ਕੀ ਊਸ਼ਾ ਸਰਕਾਰ ਜਾਂ ਆਈ.ਓ.ਏ. ਤੋਂ ਹੱਲ ਲੈ ਕੇ ਆਈ ਸੀ, ਬਜਰੰਗ ਨੇ ਕਿਹਾ, ”ਅਜਿਹਾ ਕੁਝ ਨਹੀਂ ਸੀ। ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ ਕਿ ਉਹ ਸਾਡੇ ਨਾਲ ਹੈ।” ਬਜਰੰਗ ਨੇ ਦੁਹਰਾਇਆ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਪ੍ਰਦਰਸ਼ਨ ਜਾਰੀ ਰਹੇਗਾ। ਜੇ ਉਹ ਸਾਨੂੰ ਕੋਈ ਭਰੋਸਾ ਦੇ ਰਹੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਹ ਭਰੋਸਾ ਪੂਰਾ ਕਰਨਾ ਚਾਹੀਦਾ ਹੈ। ਪਰ ਅਸੀਂ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਚੀਜ਼ਾਂ ਠੀਕ ਨਹੀਂ ਹੋ ਜਾਂਦੀਆਂ ਅਤੇ ਸਾਨੂੰ ਇਨਸਾਫ ਨਹੀਂ ਮਿਲਦਾ। ਹਾਲਾਂਕਿ, ਸਾਨੂੰ ਇਨਸਾਫ ਮਿਲਣ ਦੀ ਪੂਰੀ ਉਮੀਦ ਹੈ।