23 ਅਪ੍ਰੈਲ ਨੂੰ ਮੋਗਾ ਤੋਂ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜੇ ਗਏ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਉਹਨਾਂ ਦੀ ਪਤਨੀ ਕਿਰਨਦੀਪ ਕੌਰ ਡਿਬਰੂਗੜ੍ਹ ਜੇਲ੍ਹ ਪਹੁੰਚੀ। ਇਸ ਦੌਰਾਨ ਉਹਨਾਂ ਨਾਲ ਐਡਵੋਕੇਟ ਸਿਮਰਨਜੀਤ ਸਿੰਘ, ਦਲਜੀਤ ਕਲਸੀ ਦੀ ਪਤਨੀ ਨੀਰੂ ਕਲਸੀ ਅਤੇ ਉਨ੍ਹਾਂ ਦਾ ਬੇਟਾ ਸਿਮਰਨਜੀਤ ਸਿੰਘ ਵੀ ਸ਼ਾਮਲ ਸਨ । ਇਸ ਮੌਕੇ ਉਨ੍ਹਾਂ ਦੇ ਨਾਲ ਗਏ ਐਡਵੋਕੇਟ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨਾਲ ਐਨ.ਐਸ.ਏ ਅਤੇ ਹੋਰ ਕੇਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਬਾਕੀ ਐਫ.ਆਈ.ਆਰ ਅੰਮ੍ਰਿਤਪਾਲ ਸਿੰਘ ਖਿਲਾਫ਼ ਹਨ, ਉਹਨਾਂ ਬਾਰੇ ਵੀ ਚਰਚਾ ਕੀਤੀ ਗਈ ਹੈ ਕਿ ਕਿਹੜਾ ਕਿਹੜਾ ਵਕੀਲ ਕਿਸ-ਕਿਸ ਐਫ.ਆਈ.ਆਰ ਦੀ ਪੈਰਵਾਈ ਕਰੇਗਾ।
ਇਥੇ ਇਹ ਵੀ ਦਸ ਦਈਏ ਕਿ SGPC ਪਹਿਲਾਂ ਹੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕਰ ਚੁੱਕੀ ਹੈ ਅਤੇ ਇਸ ਸਬੰਧੀ ਵਕੀਲਾਂ ਦਾ ਪੈਨਲ ਵੀ ਤਿਆਰ ਕੀਤਾ ਗਿਆ ਹੈ। ਇਸ ਸਬੰਧ ਵਿਚ ਪਹਿਲਾਂ SGPC ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਹੋਰ ਵਕੀਲ ਡਿਬਰੂਗੜ੍ਹ ਜੇਲ੍ਹ ‘ਚ ਬੰਦ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਆਏ ਸੀ ਅਤੇ ਫਿਰ ਨੌਜਵਾਨਾਂ ਦੀ ਉਹਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਵਾਈ ਗਈ ਸੀ। ਜਿਸ ਵਿਚ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਅਤੇ ਇਕ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਜਦੋਂ ਅੰਮ੍ਰਿਤਪਾਲ ਸਿੰਘ ਫਰਾਰ ਚੱਲ ਰਿਹਾ ਸੀ ਤਾਂ ਲੰਡਨ ਜਾ ਰਹੀ ਪਤਨੀ ਕਿਰਨਦੀਪ ਕੌਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਏਅਰਪੋਰਟ ‘ਤੇ ਰੋਕ ਲਿਆ ਸੀ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਵਾਪਸ ਪਿੰਡ ਭੇਜ ਦਿੱਤਾ ਸੀ।