ਕਰਨਾਟਕ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ‘ਤੇ ਹੁਣ ਫੈਸਲਾ ਹੋ ਚੁੱਕਾ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮੁੱਖ ਮੰਤਰੀ ਵੱਜੋਂ ਸਿੱਧਰਮਈਆ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ। ਨਾਲ ਹੀ ਡੀ.ਕੇ. ਸ਼ਿਵਕੁਮਾਰ ਨੂੰ ਉਪ-ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾ ਰਿਹਾ ਹੈ। ਸਹੁੰ ਚੁੱਕ ਸਮਾਗਮ 20 ਮਈ ਨੂੰ ਹੋਣ ਜਾ ਰਿਹਾ ਹੈ। ਕਰਨਾਟਕ ‘ਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਕਾਂਗਰਸ ‘ਚ ਸਲਾਹ-ਮਸ਼ਵਰੇ ਦਾ ਦੌਰ ਬੁੱਧਵਾਰ ਨੂੰ ਵੀ ਜਾਰੀ ਰਿਹਾ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਬਾਰੇ ਫੈਸਲਾ ਇਕ-ਦੋ ਦਿਨਾਂ ਵਿਚ ਸੰਭਵ ਹੈ ਅਤੇ ਅਗਲੇ 48 ਘੰਟਿਆਂ ਤੋਂ 72 ਘੰਟਿਆਂ ਵਿਚ ਸੂਬੇ ਵਿਚ ਨਵੀਂ ਸਰਕਾਰ ਬਣ ਜਾਵੇਗੀ। ਮੁੱਖ ਮੰਤਰੀ ਬਾਰੇ ਸ਼ੰਕਿਆਂ ਦੇ ਵਿਚਕਾਰ ਪਾਰਟੀ ਨੇ ਆਪਣੇ ਆਗੂਆਂ ਨੂੰ ਬਿਆਨਬਾਜ਼ੀ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਇਸ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਡੀ.ਕੇ. ਸ਼ਿਵਕੁਮਾਰ ਤੋਂ ਜਦੋਂ ਮੁੱਖ ਮੰਤਰੀ ਅਹੁਦੇ ‘ਤੇ ਫ਼ੈਸਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, “ਦੱਸਣ ਲਈ ਕੁਝ ਨਹੀਂ ਹੈ। ਅਸੀਂ ਫ਼ੈਸਲਾ ਹਾਈਕਮਾਨ ‘ਤੇ ਛੱਡ ਦਿੱਤਾ ਹੈ। ਹਾਈਕਮਾਨ ਨੇ ਫ਼ੈਸਲਾ ਕਰਨਾ ਹੈ।” ਇੰਚਾਰਜ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ“ਮੈਂ ਸਾਰੇ ਕਾਂਗਰਸੀ ਨੇਤਾਵਾਂ ਨੂੰ ਲੀਡਰਸ਼ਿਪ ਦੇ ਮੁੱਦੇ ‘ਤੇ ਬਿਆਨਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ। ਬਿਨਾਂ ਇਜਾਜ਼ਤ ਦਿੱਤੇ ਕਿਸੇ ਵੀ ਬਿਆਨ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾਵੇਗਾ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।”
ਮੁੱਖ ਮੰਤਰੀ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਸਿੱਧਰਮਈਆ ਅਤੇ ਸ਼ਿਵਕੁਮਾਰ ਨੇ ਬੁੱਧਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਸਿੱਧਰਮਈਆ ਨੇ ਜਿੱਥੇ ਰਾਹੁਲ ਗਾਂਧੀ ਨਾਲ ਕਰੀਬ ਅੱਧਾ ਘੰਟਾ ਗੱਲਬਾਤ ਕੀਤੀ, ਉੱਥੇ ਹੀ ਸ਼ਿਵਕੁਮਾਰ ਨੇ ਉਨ੍ਹਾਂ ਨਾਲ ਇਕ ਘੰਟੇ ਤੋਂ ਵੱਧ ਸਮਾਂ ਗੱਲਬਾਤ ਕੀਤੀ। ਫਿਰ ਰਾਤ ਨੂੰ ਸ਼ਿਵਕੁਮਾਰ ਨੇ ਸੁਰਜੇਵਾਲਾ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਸੁਰਜੇਵਾਲਾ ਨੇ ਉਨ੍ਹਾਂ ਨਾਲ ਚਰਚਾ ਕੀਤੀ। ਸਿੱਧਰਮਈਆ ਰਾਤ ਨੂੰ ਹੀ ਵੇਣੂਗੋਪਾਲ ਦੇ ਘਰ ਗਏ ਅਤੇ ਉਨ੍ਹਾਂ ਅਤੇ ਸੁਰਜੇਵਾਲਾ ਨਾਲ ਗੱਲਬਾਤ ਕੀਤੀ।
ਕਰਨਾਟਕ ਵਿਚ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਵਿਧਾਇਕ ਦਲ ਦੀ ਮੀਟਿੰਗ ਵੀ ਸੱਦ ਲਈ ਗਈ ਹੈ। ਇਸ ਮੀਟਿੰਗ ਵਿਚ ਸਹਿਮਤੀ ਬਣਨ ਤੋਂ ਬਾਅਦ ਅੱਜ ਕਰਨਾਟਕ ਨੂੰ ਨਵਾਂ ਮੁੱਖ ਮੰਤਰੀ ਮਿਲ ਸਕਦਾ ਹੈ। ਅੱਜ ਸ਼ਾਮ 7 ਵਜੇ ਬੈਂਗਲੁਰੂ ਵਿਚ ਸੀ.ਐੱਲ.ਪੀ. ਦੀ ਮੀਟਿੰਗ ਸੱਦੀ ਗਈ ਹੈ। 224 ਮੈਂਬਰੀ ਰਾਜ ਵਿਧਾਨ ਸਭਾ ਲਈ 10 ਮਈ ਨੂੰ ਹੋਈਆਂ ਚੋਣਾਂ ਵਿਚ ਕਾਂਗਰਸ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ 135 ਸੀਟਾਂ ਜਿੱਤੀਆਂ ਸਨ। ਜਦਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੀ ਅਗਵਾਈ ਵਾਲੀ ਜਨਤਾ ਦਲ (ਸੈਕੂਲਰ) ਨੇ ਕ੍ਰਮਵਾਰ 66 ਅਤੇ 19 ਸੀਟਾਂ ਜਿੱਤੀਆਂ।