ਬੀਤੇ ਕੱਲ੍ਹ ਰਿਸ਼ਵਤ ਮਾਮਲੇ ‘ਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 31 ਮਈ ਦੁਪਹਿਰ 2 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਉਹ ਆਪਣੇ ਭਤੀਜੇ ਵੱਲੋਂ ਖਿਡਾਰੀ ਤੋਂ ਪੈਸੇ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ, ਨਹੀਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਪੰਜਾਬ ਦੇ ਸਾਹਮਣੇ ਪੂਰੀ ਜਾਣਕਾਰੀ ਸਾਂਝੀ ਕਰਨਗੇ। ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪ੍ਰੈੱਸ ਕਾਨਫਰੰਸ ਮਰ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਚੰਨੀ ਨੇ ਆਪਣੇ ‘ਤੇ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਚੰਨੀ ਨੇ ਕਿਹਾ ਕਿ ਉਨ੍ਹਾਂ ‘ਤੇ ਲੱਗੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਸਾਰੇ ਇਲਜ਼ਾਮ ਝੂਠੇ ਹਨ, ਉਨ੍ਹਾਂ ਦੇ ਭਤੀਜੇ ਨੇ ਵੀ ਅਜਿਹਾ ਕੁਝ ਨਹੀਂ ਕੀਤਾ, ਜਿਵੇਂ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਤੀਜੇ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਕੇਸ ਦਰਜ ਕਰੋ। ਚੰਨੀ ਨੇ ਕਿਹਾ ਕਿ ਮੈਂ ਅੱਜ ਤੱਕ ਕਿਸੇ ਤੋਂ ਇੱਕ ਰੁਪਿਆ ਵੀ ਰਿਸ਼ਵਤ ਨਹੀਂ ਲਈ ਹੈ। ਮੈਂ ਅਜਿਹੇ ਝੂਠੇ ਇਲਜ਼ਾਮਾਂ ਤੋਂ ਘਬਰਾਉਣ ਵਾਲਾ ਨਹੀਂ ਅਤੇ ਨਾ ਹੀ ਭੱਜਣ ਵਾਲਾ ਹਾਂ।
ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਸਿੰਘ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ- ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ 31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ। ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ, ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਝ ਪੰਜਾਬੀਆਂ ਸਾਹਮਣੇ ਰੱਖਾਂਗਾ।
ਇਥੇ ਦਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ‘ਤੇ ਉਹਨਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਇੱਕ ਕ੍ਰਿਕਟਰ ਤੋਂ ਸਰਕਾਰੀ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦਾ ਦੋਸ਼ ਲਗਾਇਆ ਹੈ। ਭਗਵੰਤ ਮਾਨ ਦੇ ਇਸ ਦਾਅਵੇ ਕਾਰਨ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ।