ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਤੇ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਨੂੰ 29 ਮਈ ਨੂੰ ਪੂਰਾ ਇੱਕ ਸਾਲ ਹੋ ਜਾਵੇਗਾ। ਇਕ ਸਾਲ ਹੋਣ ਦੇ ਬਾਵਜੂਦ ਲੋਕਾਂ ਦੇ ਦਿਲ ਅਤੇ ਦਿਮਾਗ ਤੋਂ ਮੂਸੇਵਾਲਾ ਦਾ ਫਿਤੂਰ ਨਹੀਂ ਉਤਰਿਆ ਹੈ। ਇਸ ਦੌਰਾਨ ਐਤਵਾਰ ਯਾਨੀ 28 ਮਈ ਨੂੰ ਸਿੱਧੂ ਦੀ ਯਾਦ ਵਿਚ ਪਿੰਡ ਮੂਸਾ ਵਿਖੇ ਗੁਰਦੁਆਰਾ ਸਾਹਿਬ ‘ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਦੇ ਨਾਲ ਹੀ ਪਿੰਡ ‘ਚ ਮੂਸੇਵਾਲਾ ਦੀ ਯਾਦ ‘ਚ ਇੱਕ 28-29 ਮਈ ਨੂੰ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ।
ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 29 ਮਈ ਨੂੰ ਸ਼ਾਮ 5 ਵਜੇ ਸਿੱਧੂ ਮੂਸੇਵਾਲਾ ਦੇ ਮਾਪੇ ਅਤੇ ਉਹਨਾਂ ਦੇ ਚਾਹੁਣ ਵਾਲੇ ਪਿੰਡ ਮੂਸਾ ਵਿਖੇ ਇਕ ਕੈਂਡਲ ਮਾਰਚ ਕੱਢਣਗੇ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਇਕ ਯਤਨ ਕਰਨਗੇ।
ਦੱਸਣਯੋਗ ਹੈ ਕਿ ਮਰਹੂਮ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਮਾਪਿਆਂ ਨੇ ਸੋਸ਼ਲ ਮੀਡੀਆ ‘ਤੇ ਵੀ ਪੁੱਤ ਨੂੰ ਇਨਸਾਫ਼ ਦਿਵਾਉਣ ਦੀ ਮੁਹਿੰਮ ਛੇੜੀ ਹੋਈ ਹੈ।