WFI ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸਾਂਸਦ ਬ੍ਰਿਜ ਭੂਸ਼ਣ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਪਹਿਲਵਾਨਾਂ ਦੇ ਸਮਰਥਨ ‘ਚ ਕਿਸਾਨ ਆਗੂਆਂ ਨੇ 9 ਜੂਨ ਨੂੰ ਜੰਤਰ-ਮੰਤਰ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਜੋ ਹੁਣ ਰੱਦ ਕਰ ਦਿੱਤਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਅਨੁਸਾਰ, ਉਨ੍ਹਾਂ ਦੀ ਸਰਕਾਰ ਅਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਦੇ ਕਹਿਣ ‘ਤੇ ਅਸੀਂ 9 ਜੂਨ ਨੂੰ ਜੰਤਰ-ਮੰਤਰ ‘ਤੇ ਹੋਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਹੈ। ਉਹ ਆਉਣ ਵਾਲੇ ਦਿਨਾਂ ਵਿੱਚ ਪਹਿਲਵਾਨ ਜੋ ਤਰੀਕਾਂ ਦੇਣਗੇ ਅਸੀਂ ਉਨ੍ਹਾਂ ਦਾ ਸਾਥ ਜ਼ਰੂਰ ਦੇਵਾਂਗੇ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਿਹਾ ਗਿਆ ਸੀ ਕਿ ਪਹਿਲਵਾਨ (ਬਜਰੰਗ ਪੂਨੀਆ, ਸਾਕਸ਼ੀ ਮਲਿਕ) ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ, ਹਾਲਾਂਕਿ ਇਹ ਨਹੀਂ ਪਤਾ ਹੈ ਕਿ ਉਨ੍ਹਾਂ ਵਿਚਕਾਰ ਕੀ ਗੱਲਬਾਤ ਹੋਈ ਸੀ। ਇਸ ਮੀਟਿੰਗ ਤੋਂ ਬਾਅਦ ਪਹਿਲਵਾਨਾਂ ਨੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਅੰਦੋਲਨ ਨਾ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਰਾਕੇਸ਼ ਟਿਕੈਤ ਦਾ ਇਹ ਬਿਆਨ ਸਾਹਮਣੇ ਆਇਆ ਹੈ।
ਹਰਿਆਣਾ ਦੇ ਕੁਰੂਕਸ਼ੇਤਰ ‘ਚ ਸ਼ੁੱਕਰਵਾਰ ਨੂੰ ਹੋਈ ਮਹਾਪੰਚਾਇਤ ‘ਚ ਖਾਪ ਨੇਤਾਵਾਂ ਨੇ ਭਾਜਪਾ ਸੰਸਦ ਬ੍ਰਿਜ ਭੂਸ਼ਣ ਸਿੰਘ ਸ਼ਰਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਇਸ ‘ਤੇ ਕਾਰਵਾਈ ਕਰਨ ਲਈ 9 ਜੂਨ ਤੱਕ ਦਾ ਸਮਾਂ ਦਿੱਤਾ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਮੰਗ ਪੂਰੀ ਨਾ ਕੀਤੀ ਗਈ ਤਾਂ ਕਿਸਾਨ 9 ਜੂਨ ਨੂੰ ਧਰਨਾਕਾਰੀ ਪਹਿਲਵਾਨਾਂ ਨਾਲ ਜੰਤਰ-ਮੰਤਰ ਜਾਣਗੇ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਕਿਸਾਨ ਜਥੇਬੰਦੀਆਂ ਨੇ ਖਾਪ ਮਹਾਪੰਚਾਇਤ ਵੀ ਕਰਵਾਈ ਸੀ।
ਇਸ ਤੋਂ ਬਾਅਦ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਐਤਵਾਰ ਨੂੰ ਕਿਹਾ ਸੀ ਕਿ ਪਹਿਲਵਾਨ ਜਲਦੀ ਹੀ ਆਪਣੀ ਮਹਾਪੰਚਾਇਤ ਕਰਵਾਉਣਗੇ। ਪਹਿਲਵਾਨਾਂ ਦੇ ਸਮਰਥਨ ਵਿੱਚ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਮੁੰਡਲਾਨਾ ਵਿੱਚ ਸਰਵ ਸਮਾਜ ਸਮਰਥਨ ਪੰਚਾਇਤ ਨੂੰ ਸੰਬੋਧਨ ਕਰਦਿਆਂ ਪੂਨੀਆ ਨੇ ਬੁਲਾਰਿਆਂ ਨੂੰ ਕਿਸੇ ਵੀ ਫੈਸਲੇ ਦਾ ਐਲਾਨ ਨਾ ਕਰਨ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਪਹਿਲਵਾਨ ਅਗਲੇ 3-4 ਦਿਨਾਂ ਵਿੱਚ ਮਹਾਪੰਚਾਇਤ ਬੁਲਾਉਣਗੇ। ਟਿਕੈਤ ਤੋਂ ਇਲਾਵਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਡੇ ਖਿਡਾਰੀ ਜੋ ਵੀ ਫੈਸਲਾ ਕਰਨਗੇ ਅਸੀਂ ਉਸ ਦੀ ਪਾਲਣਾ ਕਰਾਂਗੇ।