ਪੰਜਾਬ ਦੇ ਭੱਖਦੇ ਮੁੱਦਿਆਂ ਨੂੰ ਛੱਡਕੇ ਪੰਜਾਬ ਦੇ ਸਿਆਸੀ ਲੀਡਰ ਇਕ-ਦੂਜੇ ਦੀਆਂ ਨਿੱਜੀ ਜ਼ਿੰਦਗੀਆਂ ‘ਤੇ ਨਿਸ਼ਾਨੇ ਦਾਗ ਰਹੇ ਹਨ। ਦੋ ਵਿਆਹਾਂ ਨੂੰ ਲੈਕੇ ਛਿੜੀ ‘ਚ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਐਂਟਰੀ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨੇ ਸਾਧਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ‘ਮੁੱਖ ਮੰਤਰੀ ਭਗਵੰਤ ਮਾਨ ਜੀ, ਮੈਨੂੰ ਨਹੀਂ ਲੱਗਦਾ ਕਿ ਨਵਜੋਤ ਨੇ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਗੰਭੀਰਤਾ ਨਾਲ ਟਿੱਪਣੀ ਕੀਤੀ ਹੈ ਕਿਉਂਕਿ ਸਾਨੂੰ ਇਸ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਰ ਤੁਹਾਡੇ ਕੋਲ ਕੁਝ ਤੱਥ ਗਲਤ ਹਨ, ਨਵਜੋਤ ਸਿੱਧੂ ਦੇ ਪਿਤਾ (ਐਡਵੋਕੇਟ ਜਨਰਲ ਪੰਜਾਬ) ਸ੍ਰੀ ਭਗਵੰਤ ਸਿੰਘ ਸਿੱਧੂ ਦਾ ਸਿਰਫ਼ ਇੱਕ ਹੀ ਵਿਆਹ ਹੋਇਆ ਸੀ।
ਇਸ ਤੋਂ ਬਾਅਦ ਨਵਜੋਤ ਸਿੱਧੂ ਦਾ ਵੀ ਟਵੀਟ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਇਧਰ-ਉਧਰ ਦੀ ਗੱਲ ਨਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ‘ਤੇ ਮੁੱਖ ਮੰਤਰੀ ਨੂੰ ਸੈਂਕੜੇ ਸਵਾਲ ਪੁੱਛੇ ਹਨ ਪਰ ਕਿਸੇ ਦਾ ਵੀ ਜਵਾਬ ਨਹੀਂ ਆਇਆ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਸਿਰਫ ਇਕ ਵਾਰ ਹੀ ਵਿਆਹ ਕੀਤਾ ਸੀ ਜਦਕਿ ਮਾਤਾ ਦੇ ਦੋ ਵਿਆਹ ਹੋਏ ਸਨ ਜਿੰਨਾਂ ਦੀਆਂ ਪਹਿਲਾਂ ਤੋਂ ਦੋ ਧੀਆਂ ਸਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ‘ਤੇ ਉਨ੍ਹਾਂ ਨਾਲ ਬਹਿਸ ਕਰਨ ਲਈ ਤਿਆਰ ਹਨ।
ਦਰਅਸਲ ਨਵਜੋਤ ਸਿੱਧੂ ਨੇ ਮੁੱਖ ਮੰਤਰੀ ‘ਤੇ ਤੰਜ ਕੱਸਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ ‘ਚ ਬਦਲਾਅ ਕਰਨ ਦੀ ਗੱਲ ਕਹੀ ਸੀ ਪਰ ਇਸ ਦੇ ਨਾਂ ‘ਤੇ ਉਹਨਾਂ ਨੇ ਸਿਰਫ ਦੂਜਾ ਵਿਆਹ ਹੀ ਕੀਤਾ ਹੈ। ਇਸ ‘ਤੇ ਬੀਤੇ ਦਿਨ ਮੁੱਖ ਮੰਤਰੀ ਨੇ ਉਨ੍ਹਾਂ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਕਿਹਾ ਸੀ ਕਿ ਨਵਜੋਤ ਸਿੱਧੂ ਵੀ ਆਪਣੇ ਪਿਤਾ ਦੀ ਦੂਜੀ ਪਤਨੀ ਦੇ ਹੀ ਬੇਟੇ ਹਨ ਅਤੇ ਜੇਕਰ ਉਨ੍ਹਾਂ ਦੇ ਪਿਤਾ ਇਹ ਬਦਲਾਅ ਨਾ ਕਰਦੇ ਤਾਂ ਅੱਜ ਦੁਨੀਆ ‘ਚ ਨਵਜੋਤ ਸਿੱਧੂ ਦਾ ਕੋਈ ਵਜੂਦ ਨਹੀਂ ਹੋਣਾ ਸੀ।ਜਿਸ ਤੋਂ ਬਾਅਦ ਮਾਮਲਾ ਕਾਫੀ ਭੱਖ ਗਿਆ ਹੈ।