ਕੇਂਦਰ ਸਰਕਾਰ ਦੀ ਪਹਿਲਵਾਨਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਹੁਣ ਭਾਰਤੀ ਓਲੰਪਿਕ ਸੰਘ (IOA) ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਕਰਵਾਉਣ ਦਾ ਫੈਸਲਾ ਲਿਆ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ ਇਹ ਚੋਣ 6 ਜੁਲਾਈ ਨੂੰ ਹੋਵੇਗੀ ਅਤੇ ਇਹ ਵੀ ਦੱਸਿਆ ਗਿਆ ਕਿ ਚੋਣਾਂ ਦੇ ਨਤੀਜੇ ਵੀ ਉਸੇ ਦਿਨ ਹੀ ਐਲਾਨੇ ਜਾਣਗੇ। ਇਸ ਨੂੰ ਲੈਕੇ ਇਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਐਲਾਨ ਭਾਰਤੀ ਓਲੰਪਿਕ ਸੰਘ (IOA) ਨੇ ਚੋਣ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਰਿਟਰਨਿੰਗ ਅਫ਼ਸਰ ਵਜੋਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਮਹੇਸ਼ ਮਿੱਤਲ ਕੁਮਾਰ ਨੂੰ ਨਿਯੁਕਤ ਕੀਤੇ ਜਾਣ ਤੋਂ ਇਕ ਦਿਨ ਬਾਅਦ ਕੀਤਾ ਗਿਆ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਲਈ ਨਾਮਜ਼ਦਗੀਆਂ 23 ਜੂਨ ਤੋਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ ਅਤੇ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ 25 ਜੂਨ ਹੈ। 28 ਜੂਨ ਨੂੰ ਨਾਮਜ਼ਦਗੀਆਂ ਦੀ ਸਮੀਖਿਆ ਕੀਤੀ ਜਾਵੇਗੀ। ਉਮੀਦਵਾਰ 28 ਜੂਨ ਤੋਂ 1 ਜੁਲਾਈ ਦਰਮਿਆਨ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ, ਜਿਸ ਤੋਂ ਬਾਅਦ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਅੰਤਿਮ ਸੂਚੀ 2 ਜੁਲਾਈ ਨੂੰ ਜਾਰੀ ਕੀਤੀ ਜਾਵੇਗੀ।
ਚੋਣ ਅਧਿਕਾਰੀ ਨੇ ਮੰਗਲਵਾਰ ਨੂੰ ਜਾਰੀ ਆਪਣੇ ਨੋਟੀਫਿਕੇਸ਼ਨ ਵਿਚ ਲਿਖਿਆ, “ਇਲੈਕਟੋਰਲ ਕਾਲਜ ਦੇ ਗਠਨ ਲਈ ਹਰੇਕ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦੋ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ 19 ਜੂਨ, 2023 ਨੂੰ ਸ਼ਾਮ 5 ਵਜੇ ਨਿਰਧਾਰਿਤ ਕੀਤੀ ਗਈ ਹੈ। WFI ਚੋਣਾਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਚਾਰ ਉਪ-ਪ੍ਰਧਾਨ, ਜਨਰਲ ਸਕੱਤਰ, ਖਜ਼ਾਨਚੀ, ਦੋ ਸੰਯੁਕਤ ਸਕੱਤਰ ਅਤੇ ਪੰਜ ਕਾਰਜਕਾਰੀ ਮੈਂਬਰਾਂ ਦੇ ਅਹੁਦਿਆਂ ਲਈ ਹੋਣਗੀਆਂ।
ਚੋਣ ਵਿਚ ਇੱਕ ਹੋਰ ਵੱਡਾ ਮੁੱਦਾ ਇਹ ਹੋਵੇਗਾ ਕਿ ਕੀ WFI ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਜਾਂ ਸਹਿਯੋਗੀਆਂ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਬ੍ਰਿਜ ਭੂਸ਼ਣ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਜਾਂ ਸਹਿਯੋਗੀ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦੇਵੇਗੀ। ਇਹ ਵੇਖਣਾ ਹੋਵੇਗਾ ਕਿ ਜਦੋਂ ਬ੍ਰਿਜ ਭੂਸ਼ਣ ਨਾਲ ਸਬੰਧਤ ਕੋਈ ਯੋਗ ਵਿਅਕਤੀ ਚੋਣ ਲਈ ਨਾਮਜ਼ਦਗੀ ਭਰਦਾ ਹੈ ਤਾਂ ਕੀ ਹੋਵੇਗਾ। ਬ੍ਰਿਜ ਭੂਸ਼ਣ ਦਾ ਪੁੱਤਰ ਕਰਨ WFI ਦੇ ਪਿਛਲੇ ਢਾਂਚੇ ਵਿਚ ਉਪ-ਪ੍ਰਧਾਨ ਸੀ ਅਤੇ ਉੱਤਰ ਪ੍ਰਦੇਸ਼ ਕੁਸ਼ਤੀ ਫੈਡਰੇਸ਼ਨ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦਾ ਜਵਾਈ ਵਿਸ਼ਾਲ ਸਿੰਘ ਬਿਹਾਰ ਰੈਸਲਿੰਗ ਫੈਡਰੇਸ਼ਨ ਦਾ ਪ੍ਰਧਾਨ ਹੈ। ਦੋਵੇਂ ਰਾਜ ਐਸੋਸੀਏਸ਼ਨ ਦੇ ਪ੍ਰਤੀਨਿਧੀ ਵਜੋਂ ਚੋਣ ਲੜਨ ਦੇ ਯੋਗ ਹਨ।