ਲੰਘੀ 10 ਜੂਨ ਨੂੰ ਲੁਧਿਆਣਾ ‘ਚ ਹੋਈ ਕੈਸ਼ ਵੈਨ ਡਕੈਤੀ ਮਾਮਲੇ ‘ਚ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਪੁਲਿਸ ਨੇ 60 ਘੰਟਿਆਂ ‘ਚ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 10 ਮੁਲਜ਼ਮਾਂ ‘ਚੋਂ 6 ਮੁੱਖ ਮੁਲਜ਼ਮ ਕਾਬੂ ਕਰ ਲਏ ਹਨ, ਜਦਕਿ ਚਾਰ ਮੁਲਜ਼ਮਾਂ ਦੀ ਭਾਲ ਜਾਰ ਹੈ। ਇਸ ਮਾਮਲੇ ‘ਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਲੁੱਟੀ ਗਈ ਰਕਮ ‘ਚੋਂ 5 ਕਰੋੜ ਦੀ ਰਿਕਵਰੀ ਹੋ ਚੁੱਕੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਕੇਸ ‘ਚ ਇਕ ਡਾਕੂ ਹਸੀਨਾ ਮਨਦੀਪ ਕੌਰ ਅਤੇ ਉਸ ਦੇ 9 ਮੈਂਬਰ ਸ਼ਾਮਲ ਹਨ। ਲੁਟੇਰਿਆਂ ‘ਚ ਕੰਪਨੀ ਦਾ ਇਕ ਕਮਰਚਾਰੀ ਵੀ ਸ਼ਾਮਲ ਸੀ, ਮਨਜਿੰਦਰ ਸਿੰਘ ਨੇ ਚਾਰ ਸਾਲ ਕੰਪਨੀ ‘ਚ ਕੰਮ ਕੀਤਾ ਸੀ। ਉਹਨਾਂ ਖ਼ੁਲਾਸਾ ਕੀਤਾ ਕਿ ਮਨਦੀਪ ਕੌਰ ਨਾਮ ਦੀ ਮਹਿਲਾ ਲੁੱਟਕਾਂਡ ਦੀ ਮਾਸਟਰਮਾਈਂਡ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੇਸ ‘ਚ 2 ਮੁੱਖ ਸੂਤਰਧਾਰ ਮਨਦੀਪ ਕੌਰ ਅਤੇ ਮਨਜਿੰਦਰ ਮਨੀ ਹਨ। ਮਨਦੀਪ ਕੌਰ ਦਾ ਪਤੀ ਵੀ ਇਸ ਕਾਂਡ ‘ਚ ਸ਼ਾਮਲ ਪਾਇਆ ਗਿਆ ਹੈ ਅਤੇ ਪੁਲਿਸ ਨੇ ਮੁੱਖ ਮੁਲਜ਼ਮ ਮਨਦੀਪ ਕੌਰ ਅਤੇ ਉਸ ਦੇ ਪਤੀ ਦੇ ਖ਼ਿਲਾਫ਼ ਐੱਲ. ਓ. ਸੀ. ਜਾਰੀ ਕਰ ਦਿੱਤਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਕੋਲ 3 ਬੈਗ ਸਨ। ਇਨ੍ਹਾਂ ‘ਚੋਂ 2 ਬੈਗਾਂ ‘ਚ 3-3 ਕਰੋੜ ਅਤੇ ਤੀਜੇ ਬੈਗ ‘ਚ 33 ਲੱਖ, 5 ਡੀ. ਵੀ. ਆਰ., ਪਲਾਸ, ਸੱਬਲਾਂ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ 5 ਮੈਂਬਰਾਂ ਦੀ ਟੀਮ ਬਣਾ ਦਿੱਤੀ ਗਈ ਹੈ ਅਤੇ ਜਲਦੀ ਹੀ ਬਾਕੀ ਕੈਸ਼ ਵੀ ਰਿਕਵਰ ਕਰ ਲਿਆ ਜਾਵੇਗਾ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਜਿਹੇ ਕੇਸ ਨੂੰ ਹੱਲ ਕਰਨ ਲਈ ਡੀ. ਜੀ. ਪੀ. ਪੰਜਾਬ ਨੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ ਹੈ ਅਤੇ ਜਿੰਨੀ ਵੀ ਪੁਲਸ ਮੁਲਾਜ਼ਮਾਂ ਦੀ ਇਸ ਕੇਸ ‘ਚ ਮਿਹਨਤ ਲੱਗੀ ਹੈ, ਡੀ. ਜੀ. ਪੀ. ਪੰਜਾਬ ਨੇ ਲੁਧਿਆਣਾ ਪੁਲਸ ਨੂੰ 10 ਲੱਖ ਰੁਪਏ ਦਾ ਕੈਸ਼ ਐਵਾਰਡ ਦਿੱਤਾ ਹੈ। ਦਸ ਦਈਏ ਕਿ ਸਵੇਰ ਤੱਕ 5 ਮੁਲਜ਼ਮ ਕਾਬੂ ਕੀਤੇ ਗਏ ਸੀ ਪਰ ਜਦੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਪ੍ਰੈੱਸ ਕਾਨਫਰੰਸ ਕਰ ਰਹੇ ਸੀ ਤਾਂ ਉਹਨਾਂ ਨੂੰ ਉਸੇ ਸਮੇਂ ਸੂਚਨਾ ਮਿਲੀ ਕਿ ਇਸ ਕੇਸ ਦਾ ਇਕ ਹੋਰ ਮੁਲਜ਼ਮ ਕਾਬੂ ਕਰ ਲਿਆ ਗਿਆ ਹੈ।