ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਲੁੱਟ ਦੇ ਮਾਮਲੇ ਦੇ ਹੇਠ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ। 6 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਨ੍ਹਾਂ ਮੁਲਜ਼ਮਾਂ ਨੇ ਭੇਤ ਖੋਲ੍ਹਣੇ ਵੀ ਸ਼ੁਰੂ ਕਰ ਦਿੱਤੇ ਹਨ। ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਕ ਵਾਰ ਫਿਰ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿਚ ਉਹਨਾਂ ਦੱਸਿਆ ਕਿ ਕੰਪਨੀ ਦੇ ਵਿਚ ਕੰਮ ਕਰਨ ਵਾਲੇ ਅਤੇ ਲੁਟੇਰਿਆਂ ਦਾ ਸਾਥ ਦੇਣ ਵਾਲੇ ਮਨਜਿੰਦਰ ਸਿੰਘ ਉਰਫ ਮਨੀ ਤੋਂ 50 ਲੱਖ ਰੁਪਏ ਹੋਰ ਬਰਾਮਦ ਕੀਤੇ ਗਏ ਹਨ ਜੋ ਉਸ ਨੇ ਘਰ ਦੇ ਸੈਪਟਿਕ ਟੈਂਕ ਦੇ ਵਿਚ ਲੁਕਾ ਕੇ ਰੱਖੇ ਹੋਏ ਸੀ। ਇਹ ਪੈਸੇ ਪੈਸੇ ਜਦੋਂ ਕੱਢੇ ਗਏ ਤਾਂ ਪੁਲਿਸ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਭਿੱਜੇ ਹੋਏ ਨੋਟ ਪੁਲਿਸ ਦੀ ਟੀਮ ਨੇ ਬਰਾਮਦ ਕੀਤੇ।
ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਕੱਲ੍ਹ ਪ੍ਰੈੱਸ ਕਾਨਫਰੰਸ ਦੌਰਾਨ ਜਿਹੜੇ 6ਵੇਂ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਸੂਚਨਾ ਮਿਲੀ ਸੀ ਉਸ ਦਾ ਨਾਮ ਨਰਿੰਦਰ ਸਿੰਘ ਉਰਫ ਹੈਪੀ ਹੈ ਅਤੇ ਉਸ ਪਾਸੋਂ ਵੀ 25 ਲੱਖ ਰੁਪਏ ਦੀ ਰਾਸ਼ੀ ਦੇ ਬਰਾਮਦ ਕੀਤੀ ਗਈ ਹੈ। ਦਸ ਦਈਏ ਕਿ ਇਸ ਲੁੱਟ ਦੀ ਵਾਰਦਾਤ ਵਿਚ ਲੁੱਟੇ ਗਏ ਪੈਸਿਆਂ ਵਿਚੋਂ ਪੁਲਿਸ ਨੇ ਹੁਣ ਤੱਕ ਕੁੱਲ 5 ਕਰੋੜ 75 ਲੱਖ ਰੁਪਏ ਦੀ ਨਗਦੀ ਬਰਾਮਦ ਕਰ ਲਈ ਹੈ ਅਤੇ ਇਸ ਵਾਰਦਾਤ ਦੀ ਮਾਸਟਰਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਖਿਲਾਫ਼ ਲੁੱਟ ਆਊਟ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਟੀਮਾਂ ਵਲੋਂ ਉਸਦੀ ਭਾਲ ਵੱਖ-ਵੱਖ ਥਾਵਾਂ ‘ਤੇ ਕੀਤੀ ਜਾ ਰਹੀ ਹੈ।