ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਅਤੇ ਹੋਰ ਆਗੂਆਂ ਵਲੋਂ ਲਏ ਇਸ ਫੈਸਲੇ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਸਾਹਮਣੇ ਆਇਆ ਹੈ। ਵੀਡੀਓ ਜਾਰੀ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕਿਸੇ ਜਥੇਦਾਰ ਦੇ ਹਟਾਏ ਦਾ ਦੁੱਖ ਨਹੀਂ ਅਤੇ ਕਿਸੇ ਨੂੰ ਲਗਾਉਣ ਦੀ ਖ਼ੁਸ਼ੀ ਨਹੀਂ ਕਿਉਂਕਿ ਜਦੋਂ ਤੱਕ ਸਿਸਟਮ ਨਹੀਂ ਬਦਲਦਾ ਜੋ ਕੌਮ ਦੀ ਚਿਰੋਕਣੀ ਮੰਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਗਾਉਣ, ਹਟਾਉਣ ਅਤੇ ਹੋਰ ਕਾਰਜਾਂ ਦਾ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਜੋ ਬਦਕਿਸਮਤੀ ਨਾਲ ਅੱਜ ਤੱਕ ਕਦੇ ਨਹੀਂ ਹੋਇਆ। ਇਕ ਸਿਆਸੀ ਪਰਿਵਾਰ ਜਿਸਨੂੰ ਪੰਥ ਅਤੇ ਪੰਜਾਬ ਨਕਾਰ ਚੁੱਕਾ ਹੈ ਜਿੰਨਾ ਚਿਰ ਉਸਦੇ ਹੱਥ ਵਿਚ ਵਾਗਡੋਰ ਹੈ, ਉਹਨਾਂ ਚਿਰ ਕੋਈ ਵੀ ਜਥੇਦਾਰ ਨਿਰਪੱਖ ਫੈਸਲੇ ਨਹੀਂ ਕਰ ਸਕਦਾ।
ਨਾਲ ਹੀ ਜਥੇਦਾਰ ਨੇ ਕਿਹਾ ਕਿ ਇਕ ਕਹਾਵਤ ਮਸ਼ਹੂਰ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਲਿਆਉਂਦੀ ਹਾਥੀ ‘ਤੇ ਚੜਾਕੇ ਹੈ ਪਰ ਤੋਰਦੀ ਗਧੇ ‘ਤੇ ਚੜਾਕੇ ਹੈ। ਉਹਨਾਂ ਇਲਜ਼ਾਮ ਲਗਾਇਆ ਕਿ ਕਿੰਨਾ ਝੂਠ ਬੋਲਿਆ ਗਿਆ ਹੈ ਕਿ ਜਥੇਦਾਰ ਨੇ ਆਪਣੀ ਖ਼ੁਸ਼ੀ ਨਾਲ ਅਹੁਦਾ ਛੱਡਿਆ ਜਦਕਿ ਸਾਰੀ ਕੌਮ ਨੂੰ ਪਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਅਹੁਦਾ ਛੱਡਿਆ ਹੈ ਜਾਂ ਉਹਨਾਂ ਤੋਂ ਜ਼ਬਰਦਸਤੀ ਲਿਆ ਗਿਆ ਹੈ।