ਬੀਤੇ ਦਿਨੀ ਪੰਜਾਬ ਵਿਧਾਨ ਸਭਾ ‘ਚ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦਾੜ੍ਹੀ ‘ਤੇ ਬਿਆਨ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮਾਮਲਾ ਭੱਖ ਗਿਆ ਅਤੇ ਵਿਰੋਧੀਆਂ ਵਲੋਂ ਇਸ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਸੀਨੀਅਰ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਆਪਣੀ ਫੇਸਬੁਕ ਪੋਸਟ ’ਤੇ ਲਿਖਿਆ ਹੈ ਭਗਵੰਤ ਮਾਨ ਵੱਲੋਂ ਕੱਲ ਵਿਧਾਨ ਸਭਾ ਵਿੱਚ (ਸੁਖਬੀਰ ਸਿੰਘ ਬਾਦਲ ਦਾ ਨਾਮ ਲਏ ਬਿਨਾਂ) ਖੁੱਲੇ ਦਾਹੜੇ ਨੂੰ ਲੈਕੇ ਦਿੱਤਾ ਬਿਆਨ ਮੰਦਭਾਗਾ ਤੇ ਸ਼ਰਮਸ਼ਾਰ ਕਰਨ ਵਾਲਾ ਹੈ। ਇਹ ਗੁਰੂ ਦੇ ਬਖਸ਼ੇ ਦਾਹੜੇ ਦਾ ਨਿਰਾਦਰ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇੱਕ ਅੰਮ੍ਰਿਤਧਾਰੀ ਸਿੱਖ ਦੇ ਦਾਹੜੇ ਦਾ ਵਿਧਾਨ ਸਭਾ ਅੰਦਰ ਮਜ਼ਾਕ ਉਡਾਕੇ ਵੱਡਾ ਗੁਨਾਹ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ ਆਪਣੇ ਇਸ ਗੁਨਾਹ ਦੀ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ। ਨਾਲ ਹੀ ਉਹਨਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਹੈ ਕਿ ਉਹ ਵੀ ਸਿੱਖੀ ਪ੍ਰੰਪਰਾਵਾਂ ਮੁਤਾਬਕ ਭਗਵੰਤ ਮਾਨ ਵਿਰੁੱਧ ਕਾਰਵਾਈ ਕਰਨ।
ਇਸ ਤੋਂ ਇਲਾਵਾ ਭਾਜਪਾ ਆਗੂ ਆਰ.ਪੀ. ਸਿੰਘ ਨੇ ਵੀ ਮੁੱਖ ਮੰਤਰੀ ਦੇ ਇਸ ਬਿਆਨ ਦੀ ਨਿਖੇਦੀ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਕੇਸ ਅਤੇ ਦਾਹੜੇ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਨਾ ਭੁੱਲੋ ਕਿ ਤੁਸੀਂ ਸਿੱਖ ਪਰਿਵਾਰ ‘ਚ ਪੈਦਾ ਹੋਏ ਹੋ। ਇਸ ਤੋਂ ਇਲਾਵਾ ਬੀਜੇਪੀ ਆਗੂ ਆਰ ਪੀ ਸਿੰਘ ਨੇ ਜਥੇਦਾਰ ਤੋਂ ਨੋਟਿਸ ਲੈਣ ਦੀ ਮੰਗ ਕੀਤੀ। ਨਾ ਮੁਆਫ਼ ਕਰਨ ਲਾਇਕ ਹਰਕਤ ਦਾ ਜਥੇਦਾਰ ਨੋਟਿਸ ਲੈਣ।
ਦੱਸ ਦਈਏ ਕਿ ਬੀਤੇ ਦਿਨ ਵਿਧਾਨ ਸਭਾ ਦੇ ਦੂਜੇ ਦਿਨ ਦੇ ਸ਼ੈਸਨ ਮੌਕੇ ਮੁੱਖ ਮੰਤਰੀ ਮਾਨ ਨੇ ਸੁਖਬੀਰ ਬਾਦਲ ਦੀ ਦਾੜ੍ਹੀ ’ਤੇ ਬੋਲਦਿਆਂ ਕਿਹਾ ਕਿ ਮੈਂ ਜਦੋਂ ਵੀ ਗੁਰੂ ਘਰ ਜਾਂਦਾ ਤਾਂ ਉੱਥੇ ਪ੍ਰੋਟੋਕਾਲ ਨਹੀਂ ਵੇਖਦਾ, ਜੋ ਪਹਿਲਾਂ ਕਤਾਰ ’ਚ ਮੱਥਾ ਟੇਕਣ ਲਈ ਖੜ੍ਹਾ ਹੁੰਦਾ ਉਸਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਪਰ ਜਦੋਂ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਣ ਲਈ ਜਾਂਦਾ ਹੈ ਤਾਂ ਕੀਰਤਨੀਏ ਵੀ ਉੱਠ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਫਿਰ ਉਹਨਾਂ ਕਿਹਾ ਕਿ ਅਸੀਂ ਜਿਹੋ ਜਿਹੇ ਅੰਦਰੋਂ ਹਾਂ ਉਹ ਜਿਹੇ ਹੀ ਬਾਹਰੋਂ ਹਾਂ, ਅਸੀਂ ਮੌਕਾ ਵੇਖਕੇ ਦਾੜ੍ਹੀ ਨਹੀਂ ਖੋਲ੍ਹਦੇ।