ਕੌਮੀ ਜਾਂਚ ਏਜੰਸੀ (ਐਨਆਈਏ) ਨੇ ਲਾਰੈਂਸ ਬਿਸ਼ਨੋਈ ਦਾ ਰਾਈਟ ਹੈਂਡ ਮੰਨੇ ਜਾਂਦੇ ਯੂਪੀ ਦੇ ਬਾਹੂਬਲੀ ਨੇਤਾ ਵਿਕਾਸ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਕਾਸ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਐਨਆਈਏ ਨੇ ਉਸ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ, ਜਿੱਥੋਂ ਪਟਿਆਲਾ ਹਾਊਸ ਕੋਰਟ ਨੇ ਵਿਕਾਸ ਸਿੰਘ ਨੂੰ 5 ਦਿਨਾਂ ਲਈ ਐਨਆਈਏ ਹਿਰਾਸਤ ਵਿੱਚ ਭੇਜ ਦਿੱਤਾ। ਹਾਲਾਂਕਿ NIA ਨੇ ਵਿਕਾਸ ਸਿੰਘ ਦੀ 7 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ।
ਦਸ ਦਈਏ ਕਿ NIA, ਵਿਕਾਸ ਸਿੰਘ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਵਿਕਾਸ ਸਿੰਘ ਨੇ 2022 ‘ਚ, ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਆਰਪੀਜੀ ਹਮਲੇ ਦੇ 2 ਦੋਸ਼ੀਆਂ ਨੂੰ ਪਨਾਹ ਦੇਣ ‘ਚ ਸਰਗਰਮ ਭੂਮਿਕਾ ਨਿਭਾਈ ਸੀ।
ਦਰਅਸਲ, ਏਜੰਸੀ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਇੱਕ ਖਾਲਿਸਤਾਨੀ ਸਮਰਥਕ ਨੂੰ ਫੜਿਆ ਸੀ, ਜਿਸ ਕਾਰਨ ਪੁੱਛਗਿੱਛ ਵਿੱਚ ਵਿਕਾਸ ਸਿੰਘ ਦਾ ਨਾਂ ਵੀ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਐਨਆਈਏ ਨੇ ਇਸ ਤੋਂ ਪਹਿਲਾਂ ਵਿਕਾਸ ਸਿੰਘ ਦੀ ਭਾਲ ਵਿੱਚ ਲਖਨਊ ਦੇ ਗੋਮਤੀਨਗਰ ਐਕਸਟੈਂਸ਼ਨ ਵਿੱਚ ਸਥਿਤ ਪਾਰਕ ਵਿਊ ਅਪਾਰਟਮੈਂਟ ਵਿੱਚ ਛਾਪਾ ਮਾਰਿਆ ਸੀ। ਟੀਮ ਵਿਕਾਸ ਦੇ ਅਯੁੱਧਿਆ ਦੇ ਪਿੰਡ ਦੇਵਗੜ੍ਹ ਵੀ ਪਹੁੰਚੀ ਸੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਸੀ। ਇੰਨਾਂ ਹੀ ਨਹੀਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਿਕਾਸ ਸਿੰਘ ਅਤੇ ਅਯੁੱਧਿਆ ਮਾਮਲਾ ਕਾਫੀ ਗਰਮਾ ਗਿਆ ਸੀ। ਦੋਸ਼ ਸੀ ਕਿ ਵਿਕਾਸ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਵੀ ਪਨਾਹ ਦਿੱਤੀ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਅਤੇ ਲਾਰੈਂਸ ਬਿਸ਼ਨੋਈ ਦੇ ਭਤੀਜੇ ਸਚਿਨ ਬਿਸ਼ਨੋਈ ਨਾਲ ਵਿਕਾਸ ਸਿੰਘ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।