ਹਾਲ ਹੀ ਵਿਚ ਹੋਇਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਲਗਾਤਾਰ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਉਸ ਦੌਰਾਨ ਕੀਤੀਆਂ ਟਿਪਣੀਆਂ ਮਾਨ ਸਰਕਾਰ ਲਈ ਮੁਸੀਬਤਾਂ ਨੂੰ ਬੁਲਾਵਾ ਵੀ ਦੇ ਰਹੀਆਂ ਹਨ। ਇਸੇ ਸਦਕਾ ਐਸਜੀਪੀਸੀ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬੁਢਲਾਢਾ ਤੋਂ ਵਿਧਾਇਕ ਬੁੱਧ ਰਾਮ ‘ਤੇ ਸਿੱਖ ਵਿਰੋਧੀ ਟਿੱਪਣੀਆਂ ਕਰਨ ਦੇ ਇਲਜ਼ਾਮ ਲਗਾਏ ਹਨ। ਚਿੱਠੀ ਵਿਚ ਲਿਖਿਆ ਗਿਆ ਕਿ ਬੁਢਲਾਢਾ ਤੋਂ ਵਿਧਾਇਕ ਬੁੱਧ ਰਾਮ ਵੱਲੋਂ ਕਈ ਸਿੱਖ ਵਿਰੋਧੀ ਟਿੱਪਣੀਆਂ ਕੀਤੀਆਂ ਗਈਆਂ ਹਨ। ਬੁੱਧ ਰਾਮ ਵੱਲੋਂ ਆਪਣੇ ਸੰਬੋਧਨ ਵਿੱਚ ਸਤਿਕਾਰਤ ਭਗਤ ਸਾਹਿਬਾਨ ਤੇ ਭੱਟ ਸਾਹਿਬਾਨ ਦੇ ਨਾਂਅ ਸਤਿਕਾਰਹੀਣ ਭਾਸ਼ਾ ਵਿੱਚ ਲਏ ਗਏ ਹਨ। ਜਿਨ੍ਹਾਂ ਤੋਂ ਬਾਅਦ ਸਿੱਖ ਜਗਤ ਅੰਦਰ ਵੱਡਾ ਰੋਸ ਪਾਇਆ ਜਾ ਰਿਹਾ ਹੈ। ਚਿੱਠੀ ਵਿੱਚ ਲਿਖਿਆ, ਵਿਧਾਨ ਸਭਾ ਲੋਕਤੰਤਰ ਤੇ ਨਿਰਪੱਖ ਵਿਚਾਰਧਾਰਾ ਦਾ ਮੰਚ ਹੈ ਜਿੱਥੇ ਕਿਸੇ ਵੀ ਧਰਮ ਦੇ ਨਿਰਾਦਰ ਨੂੰ ਕੋਈ ਥਾਂ ਨਹੀਂ, ਤੁਸੀਂ ਇਸ ਸਦਨ ਦੇ ਸੰਵਿਧਾਨ ਮੁਖੀ ਹੋ ਜਿਸ ਦੀ ਮਰਯਾਦਾ ਨੂੰ ਬਰਕਰਾਰ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ।
ਚਿੱਠੀ ਵਿੱਚ ਸਪੀਕਰ ਨੂੰ ਅਪੀਲ ਕੀਤੀ ਗਈ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆ ਮੁੱਖ ਮੰਤਰੀ ਤੇ ਵਿਧਾਇਕ ਦੀਆਂ ਟਿੱਪਣੀਆਂ ਨੂੰ ਵਿਧਾਨ ਸਭਾ ਦੇ ਰਿਕਾਰਡ ਦਾ ਹਿੱਸਾ ਨਾ ਬਣਾਇਆ ਜਾਵੇ। ਇਸ ਦੇ ਨਾਲ ਹੀ ਨੁਮਾਇੰਦਿਆ ਨੂੰ ਲੋਕ ਭਾਵਨਾਵਾਂ ਅਤੇ ਧਾਰਮਿਕ ਸਰੋਕਾਰਾਂ ਦੀ ਕਦਰ ਕਰਨ ਦੀ ਹਿਦਾਇਤ ਕੀਤੀ ਜਾਵੇ।