ਮਰਹੂਮ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲਕਾਂਡ ਮਾਮਲੇ ‘ਚ ਵੱਡਾ ਖ਼ੁਲਾਸਾ ਹੋਇਆ ਹੈ। ਦਸ ਦਈਏ ਕਿ ਮਿੱਡੂਖੇੜਾ ਦੇ ਕਾਤਲਾਂ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਉਹਨਾ ਨੇ ਹੀ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਸੀ। ਉਹਨਾਂ ਦੱਸਿਆ ਕਿ ਮੂਸੇਵਾਲਾ ਦਾ ਕਰੀਬੀ ਅਤੇ ਮੈਨੇਜਰ ਕਹੇ ਜਾਂਦੇ ਸ਼ਗਨਪ੍ਰੀਤ ਹੀ ਉਹਨਾਂ ਨੂੰ ਗੱਡੀ ‘ਚ ਬੈਠਾਕੇ ਖਰੜ ਦੇ ਇਕ ਫਲੈਟ ‘ਚ ਛੱਡਕੇ ਆਇਆ ਸੀ ਅਤੇ ਉਹ ਹੀ ਸਾਨੂੰ ਮਿੱਡੂਖੇੜਾ ਦੀ ਰਿਹਾਇਸ਼ ਦੇ ਆਲੇ-ਦੁਆਲੇ ਲੈਕੇ ਜਾਂਦਾ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ਗਨਪ੍ਰੀਤ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ। ਦੱਸ ਦਈਏ ਕਿ ਸ਼ਗਨਪ੍ਰੀਤ ਹਾਲ ਦੀ ਘੜੀ ਚ ਆਸਟ੍ਰੇਲੀਆ ਚ ਰਹਿ ਰਿਹਾ ਹੈ ਅਤੇ ਇਹ ਵੀ ਖ਼ਬਰਾਂ ਹਨ ਕਿ ਉਸਦਾ ਪਾਸਪੋਰਟ ਵੀ ਰੱਦ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਭਾਰਤ ਲਿਆਂਦਾ ਜਾਵੇਗਾ। ਇਹ ਸਾਰੀ ਖ਼ਬਰਾਂ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈਆਂ ਹਨ।
ਜ਼ਿਕਰੇਖਾਸ ਹੈ ਕਿ 7 ਮਈ 2021 ‘ਚ ਯੂਥ ਅਕਾਲੀ ਦਲ ਦੇ ਸਿਰਕੱਢ ਆਗੂ ਵਿੱਕੀ ਮਿੱਡੂਖੇੜਾ ਦਾ ਮੋਹਾਲੀ ਦੇ ਸੈਕਟਰ 70 ਵਿਚ ਕਤਲ ਹੋਇਆ ਸੀ ਜਿਸ ‘ਚ ਸ਼ਗਨਪ੍ਰੀਤ ਦਾ ਨਾਂਅ ਸਾਹਮਣੇ ਆਇਆ ਸੀ। ਪੁਲਿਸ ਨੇ ਇਸ ਮਾਮਲੇ ‘ਚ 3 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਬੰਬੀਹਾ ਗੈਂਗ ਨੇ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੇ ਉਹਨਾਂ ਦੇ ਭਰਾ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਹੈ। ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਗਨਪ੍ਰੀਤ ਨੇ ਕਾਤਲਾਂ ਦੇ ਠਹਿਰਣ ਤੋਂ ਲੈਕੇ ਹੋਰ ਚੀਜਾਂ ਇੰਤਜ਼ਾਮ ਕੀਤਾ ਸੀ। ਤਫਤੀਸ਼ ‘ਚ ਇਹ ਵੀ ਸਾਹਮਣੇ ਆਇਆ ਕਿ ਮੂਸੇਵਾਲਾ ਦਾ ਕਤਲ ਇਸ ਲਈ ਹੋਇਆ ਕਿ ਸ਼ਗਨਪ੍ਰੀਤ ਉਸ ਦਾ ਕਰੀਬੀ ਸੀ। ਉਸ ਵੇਲੇ ਤੋਂ ਇਹ ਨਾਮ ਚਰਚਾ ਵਿਚ ਹੈ। ਹੁਣ ਸ਼ਗਨਪ੍ਰੀਤ ਉਤੇ ਐਕਸ਼ਨ ਦੀ ਤਿਆਰੀ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ।