ਪਾਕਿਸਤਾਨ ‘ਚ ਸਿੱਖਾਂ ਨਾਲ ਹੋ ਰਹੀ ਜ਼ਯਾਤੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਹੋ ਰਿਹਾ ਸੀ ਤਾਂ ਕੁਝ ਲੋਕਾਂ ਨੇ ਆ ਕੇ ਕੀਰਤਨ ਰੁਕਵਾ ਦਿੱਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਇਸ ਦੌਰਾਨ ਪੁਲਸ ਵੱਲੋਂ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਬਾਅਦ ’ਚ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਗਿਆ। ਇਸ ਮਾਮਲੇ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਜਿਸ ਮੁਲਕ ਵਿੱਚ ਕੌਮਾਂ ਦੀ ਧਾਰਮਿਕ ਅਜ਼ਾਦੀ ਖੋਹੀ ਜਾਵੇਗੀ ਉਹ ਮੁਲਕ ਵਸਦਾ ਨਹੀਂ ਹੋ ਸਕਦਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਗੁਰਦੁਆਰਾ ਸੌ ਸਾਲਾ ਪੁਰਾਣਾ ਗੁਰਦੁਆਰਾ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਬਣਿਆ ਹੋਇਆ ਹੈ। ਕਈ ਦਿਨਾਂ ਤੋਂ ਸਪੀਕਰਾਂ ਦੀ ਆਵਾਜ਼ ਤੋਂ ਲੋਕ ਪ੍ਰੇਸ਼ਾਨ ਸੀ ਤੇ ਇਤਰਾਜ਼ ਜਤਾਇਆ ਜਾ ਰਿਹਾ ਸੀ। ਜਿਸ ਨੂੰ ਲੈ ਕੇ ਉਨ੍ਹਾਂ ਨੇ ਗੁਰਦੁਆਰੇ ‘ਚ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਚੱਲ ਰਹੇ ਕੀਰਤਨ ਨੂੰ ਬੰਦ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੰਦਰ ਘੱਟ ਗਿਣਤੀ ‘ਚ ਭਾਵੇਂ ਹਿੰਦੂ, ਸਿੱਖ ਜਾਂ ਕੋਈ ਵੀ ਹੈ ਕੀ ਉਹ ਆਪਣੇ ਧਾਰਮਿਕ ਸਮਾਗਮ ਅਤੇ ਧਾਰਮਿਤ ਮਰਿਆਦਾ ਨੂੰ ਨਿਭਾਅ ਨਹੀਂ ਸਕਦੇ? ਉਨ੍ਹਾਂ ਕਿਹਾ ਕਿ ਲਾਹੌਰ ਦੀਆਂ ਮਸਜਿਦਾਂ ਦੇ ਸਪੀਕਰਾਂ ‘ਚ ਉੱਚੀ ਆਵਾਜ਼ ਸੁਣਾਈ ਦਿੰਦੀ ਪਰ ਉਨ੍ਹਾਂ ‘ਤੇ ਕੋਈ ਇਤਰਾਜ਼ ਨਹੀਂ ਹੈ ਫ਼ਿਰ ਸਿੱਖਾਂ ਦੇ ਕੀਰਤਨ ਕਰਨ ‘ਤੇ ਇਤਰਾਜ਼ ਜਿਤਾਉਣਾ ਬਹੁਤ ਮੰਦਭਾਗੀ ਗੱਲ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਘੱਟ ਗਿਣਤੀਆਂ ਲਈ ਧਾਰਮਿਕ ਆਜ਼ਾਦੀ ਬਹਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੀ ਧਾਰਮਿਕ ਆਜ਼ਾਦੀ ਯਕੀਨੀ ਬਣਾਵੇ। ਸਿੱਖ ਧਾਰਮਿਕ ਮਰਿਆਦਾ ਗੁਰਦੁਆਰੇ ਅੰਦਰ ਨਿਭਾਉਂਦੇ ਹਨ, ਇਸ ‘ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।