ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਅਸਤੀਫਾ ਨਹੀਂ ਦੇਣਗੇ। ਸੂਬੇ ‘ਚ ਕਰੀਬ 55 ਦਿਨਾਂ ਤੋਂ ਚੱਲ ਰਹੀ ਹਿੰਸਾ ਦਰਮਿਆਨ ਸ਼ੁੱਕਰਵਾਰ ਸਵੇਰ ਤੋਂ ਹੀ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਹਜ਼ਾਰਾਂ ਮਹਿਲਾ ਸਮਰਥਕਾਂ ਨੇ ਸਿੰਘ ਦੇ ਕਾਫਲੇ ਨੂੰ ਰਾਜ ਭਵਨ ਵੱਲ ਵਧਣ ਤੋਂ ਰੋਕ ਦਿੱਤਾ। ਇਸ ਦੌਰਾਨ ਇਕ ਮਹਿਲਾ ਨੇ ਉਹਨਾਂ ਦਾ ਅਸਤੀਫਾ ਪੱਤਰ ਫਾੜ ਦਿੱਤਾ। ਸੀਐਮ ਨੇ ਟਵੀਟ ਕਰਕੇ ਕਿਹਾ, ਮੈਂ ਇਸ ਅਹਿਮ ਮੋੜ ‘ਤੇ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ। ਮੁੱਖ ਮੰਤਰੀ ਦੇ ਭਰੋਸੇ ‘ਤੇ ਭੀੜ ਸ਼ਾਂਤ ਹੋਈ। ਇਸ ਤੋਂ ਪਹਿਲਾਂ ਬੀਰੇਨ ਸਿੰਘ ਨੇ ਰਾਜਪਾਲ ਨੂੰ ਮਿਲਣ ਲਈ ਰਾਜ ਭਵਨ ਜਾਣਾ ਸੀ, ਪਰ ਸਮਰਥਕਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸੜਕ ਜਾਮ ਕਰਨ ਕਾਰਨ ਉਹ ਨਹੀਂ ਜਾ ਸਕੇ। ਸਮਰਥਕਾਂ ਨੇ ਰਸਤਾ ਨਾ ਰੋਕਣ ਦੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨਿਵਾਸ ਦੇ ਕੁਝ ਮੈਂਬਰ ਅਸਤੀਫੇ ਦਾ ਪੱਤਰ ਲੈ ਕੇ ਆਏ, ਜਿਸ ਨੂੰ ਸਭ ਦੇ ਸਾਹਮਣੇ ਪੜ੍ਹ ਕੇ ਸੁਣਾਇਆ ਗਿਆ।
ਇਸ ਦੌਰਾਨ ਇਕ ਔਰਤ ਨੇ ਇਸ ਨੂੰ ਫਾੜ ਦਿੱਤਾ। ਦੇਸ਼ ਵਿੱਚ ਸ਼ਾਇਦ ਅਜਿਹੀ ਘਟਨਾ ਪਹਿਲੀ ਵਾਰ ਹੋਈ ਹੈ, ਜਦੋਂ ਕਿਸੇ ਮੁੱਖ ਮੰਤਰੀ ਦਾ ਅਸਤੀਫ਼ਾ ਜਨਤਕ ਤੌਰ ‘ਤੇ ਫਾੜ ਦਿੱਤਾ ਗਿਆ ਹੋਵੇ ਅਤੇ ਮੁੱਖ ਮੰਤਰੀ ਨੇ ਲੋਕਾਂ ਦੇ ਦਬਾਅ ਹੇਠ ਅਸਤੀਫ਼ਾ ਨਾ ਦਿੱਤਾ ਹੋਵੇ। ਮਣੀਪੁਰ ਦੇ ਇੱਕ ਸਥਾਨਕ ਨਿਵਾਸੀ ਦਾ ਕਹਿਣਾ ਹੈ ਕਿ ਅਸੀਂ ਦੋ ਮਹੀਨਿਆਂ ਤੋਂ ਮਣੀਪੁਰ ਵਿੱਚ ਹਿੰਸਾ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਦੋਂ ਭਾਰਤ ਸਰਕਾਰ ਅਤੇ ਮਣੀਪੁਰ ਸਰਕਾਰ ਇਸ ਸੰਘਰਸ਼ ਨੂੰ ਲੋਕਤੰਤਰੀ ਢੰਗ ਨਾਲ ਸੁਲਝਾਉਣਗੇ। ਅਜਿਹੇ ‘ਚ ਜੇਕਰ ਮਣੀਪੁਰ ਦਾ ਸੀਐੱਮ ਅਸਤੀਫਾ ਦੇ ਦਿੰਦਾ ਹੈ ਤਾਂ ਇੱਥੇ ਲੋਕ ਕਿਵੇਂ ਰਹਿਣਗੇ, ਸਾਡੀ ਅਗਵਾਈ ਕੌਣ ਕਰੇਗਾ? ਮੈਂ ਨਹੀਂ ਚਾਹੁੰਦਾ ਕਿ ਉਹ ਅਸਤੀਫਾ ਦੇਵੇ। ਅਸੀਂ ਉਨ੍ਹਾਂ ‘ਤੇ ਭਰੋਸਾ ਕਰਦੇ ਹਾਂ।