ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ ਦਾ ਅੱਜ ਐਲਾਨ ਹੋ ਸਕਦਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਕੱਲ੍ਹ ਚੰਡੀਗੜ੍ਹ ਵਿੱਚ ਜ਼ਿਲ੍ਹਾ ਪ੍ਰਧਾਨਾਂ, ਵਿਧਾਨ ਸਭਾ ਹਲਕਾ ਇੰਚਾਰਜਾਂ ਨਾਲ ਮੀਟਿੰਗ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਵੇਲੇ ਗਠਜੋੜ ਦੀਆਂ ਚਰਚਾਵਾਂ ਸਿਰਫ਼ ਮੀਡੀਆ ਵਿੱਚ ਹਨ। ਸੁਖਬੀਰ ਬਾਦਲ ਨੇ ਕਿਹਾ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੈ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਸਿਰਫ਼ ਰੁਟੀਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੈਟ ਵਧਾਉਣ, ਪਾਣੀ ਦੇਣ ਸਮੇਤ ਹੋਰ ਸਾਰੇ ਮੁੱਦੇ ਵਿਚਾਰੇ ਜਾ ਰਹੇ ਹਨ।
ਇਸਦੇ ਉਲਟ ਜਦੋਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪੁੱਜੇ ਭਾਜਪਾ ਦੇ ਨਵੇਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਹਨ, ਉਹ ਇੱਥੇ ਕੋਈ ਸਿਆਸੀ ਗੱਲ ਨਹੀਂ ਕਰਨਗੇ। ਸਿਆਸੀ ਸਟੇਜ ਤੋਂ ਹੀ ਸਿਆਸਤ ਦੀ ਚਰਚਾ ਹੋਵੇਗੀ। ਹਾਲਾਂਕਿ, ਪੰਜਾਬ ਭਾਜਪਾ ਦੇ ਪ੍ਰਭਾਰੀ ਵਿਜੈ ਰੁਪਾਣੀ ਨੇ ਕਿਹਾ ਕਿ ਸੁਨੀਲ ਜਾਖੜ ਇਕ ਚੰਗੀ ਦਿੱਖ ਵਾਲੇ ਆਗੂ ਹਨ, ਸਾਨੂੰ ਉਮੀਦ ਹੈ ਕਿ ਉਹਨਾਂ ਦੀ ਅਗਵਾਈ ‘ਚ ਭਾਜਪਾ ਪੰਜਾਬ ‘ਚ ਮਜ਼ਬੂਤ ਹੋਵੇਗੀ। ਨਾਲ ਹੀ ਉਹਨਾਂ ਕਿਹਾ ਕਿ ਭਾਜਪਾ ਲੋਕ ਸਭਾ ਚੋਣਾਂ ਦੀਆਂ 13 ਸੀਟਾਂ ਇਕੱਲੇ ਲੜੇਗੀ।
ਗੌਰਤਲਬ ਹੈ ਕਿ ਬੁੱਧਵਾਰ ਨੂੰ ਅਕਾਲੀ ਦਲ ਦੀ ਅਹੁਦੇਦਾਰਾਂ ਨਾਲ ਮੀਟਿੰਗ ਹੋਈ, ਜਿਸ ਵਿਚ ਜ਼ਿਆਦਾਤਰ ਆਗੂਆਂ ਨੇ ਗਠਜੋੜ ਦਾ ਸਮਰਥਨ ਕੀਤਾ ਹੈ। ਅਕਾਲੀ ਦਲ ਦੀ ਇਸ ਮੀਟਿੰਗ ਵਿੱਚ ਗਠਜੋੜ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਹੁਣ ਭਾਜਪਾ ਪਿਛਲੀ ਵਾਰ ਨਾਲੋਂ ਅਕਾਲੀ ਦਲ ਤੋਂ ਵੱਧ ਸੀਟਾਂ ਦੀ ਮੰਗ ਕਰ ਰਹੀ ਹੈ। ਇਸ ਬਾਰੇ ਜ਼ਿਲ੍ਹਾ ਪੱਧਰੀ ਆਗੂਆਂ ਨਾਲ ਸਹਿਮਤੀ ਜਤਾਈ ਜਾ ਰਹੀ ਹੈ ਤਾਂ ਜੋ ਗਠਜੋੜ ਤੋਂ ਬਾਅਦ ਪਾਰਟੀ ਵਿੱਚ ਕੋਈ ਫੁੱਟ ਨਾ ਆਵੇ। ਅਕਾਲੀ ਦਲ ਵੱਲੋਂ ਇਸ ਨੂੰ ਅੰਤਿਮ ਰੂਪ ਦਿੰਦੇ ਹੀ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ ਵਿੱਚ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ।
ਉਥੇ ਹੀ ਦੂਜੇ ਪਾਸੇ ਸੀ.ਐਮ.ਭਗਵੰਤ ਮਾਨ ਨੇ ਅੱਜ ਵਿਰੋਧੀ ਧਿਰ ਦੇ ਆਗੂਆਂ ਨੂੰ ਤਾਅਨੇ ਮਾਰਦੇ ਹੋਏ ਕਿਹਾ ਕਿ ਸਿਆਸੀ ਆਗੂ ਅੰਦਰ ਬੈਠੇ ਆਪਣੀ ਕੁਰਸੀ ਲਈ ਜੋੜ-ਤੋੜ ਕਰ ਰਹੇ ਹਨ। ਪਰ ਮੈਂ ਪੰਜਾਬ ਦੇ ਨੌਜਵਾਨਾਂ ਦੀ ਕੁਰਸੀ ਲਈ ਜੋੜ-ਤੋੜ ਕਰ ਰਿਹਾ ਹਾਂ।