ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸਾਂਪਲਾ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫ਼ਾ ਦਿੱਤਾ। ਹੁਣ ਪੂਰੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਭਾਜਪਾ ਹਾਈਕਮਾਂਡ ਸਾਂਪਲਾ ਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ। ਜਲੰਧਰ ਛਾਉਣੀ ਦੇ ਪਿੰਡ ਸੋਫੀ ਪਿੰਡ ਦੇ ਸਰਪੰਚ ਵਜੋਂ 1998 ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਵਿਜੇ ਸਾਂਪਲਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਹਨ ਅਤੇ ਹੁਸ਼ਿਆਰਪੁਰ ਤੋਂ ਸਾਂਸਦ ਰਹਿੰਦੇ ਹੋਏ ਮੋਦੀ ਸਰਕਾਰ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਦੇ ਅਹੁਦੇ ’ਤੇ ਵੀ ਰਹਿ ਚੁੱਕੇ ਹਨ।
ਦਲਿਤ ਆਗੂ ਵਜੋਂ ਵਿਜੇ ਸਾਂਪਲਾ ਦੀ ਪੰਜਾਬ ਤੋਂ ਲੈ ਕੇ ਕੇਂਦਰ ਤੱਕ ਮਜ਼ਬੂਤ ਪਛਾਣ ਹੈ। ਸਾਂਪਲਾ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ 1 ਸਤੰਬਰ 2014 ਤੋਂ 9 ਨਵੰਬਰ 2014 ਤੱਕ ਸਾਂਪਲਾ ਨੂੰ ਵਿਦੇਸ਼ ਮਾਮਲਿਆਂ ਬਾਰੇ ਸਥਾਈ ਕਮੇਟੀ ਦਾ ਮੈਂਬਰ ਚੁਣਿਆ ਗਿਆ ਸੀ। 9 ਨਵੰਬਰ 2014 ਨੂੰ, ਉਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਲਈ ਕੇਂਦਰੀ ਰਾਜ ਮੰਤਰੀ ਬਣੇ।
ਸਾਂਪਲਾ ਹੁਸ਼ਿਆਰਪੁਰ ਹਲਕੇ ਤੋਂ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਨੂੰ ਹਰਾ ਕੇ 16ਵੀ ਲੋਕ ਸਭਾ ਹਲਕੇ ਲਈ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ 2008 ਤੋਂ 2012 ਤੱਕ ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਅਤੇ 2013 ਤੋਂ 2014 ਤੱਕ ਪੰਜਾਬ ਜੰਗਲਾਤ ਵਿਕਾਸ ਨਿਗਮ ਨਾਲ ਜੁੜੇ ਰਹੇ।
ਦੱਸ ਦੇਈਏ ਕਿ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਵਿਜੇ ਸਾਂਪਲਾ ਨੇ ਅਨੁਸੂਚਿਤ ਜਾਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਸੀ। ਇਸ ਦੇ ਨਾਲ ਹੀ ਸਰਕਾਰੀ ਵਿਭਾਗ, ਭਾਵੇਂ ਉਹ ਕੇਂਦਰ ਸਰਕਾਰ ਦੇ ਅਧੀਨ ਹਨ ਜਾਂ ਰਾਜ ਸਰਕਾਰਾਂ, ਉਨ੍ਹਾਂ ਵਿਭਾਗਾਂ ਵਿੱਚ ਅਨੁਸੂਚਿਤ ਭਾਈਚਾਰੇ ਨੂੰ ਇਨਸਾਫ਼ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਨੁਸੂਚਿਤ ਭਾਈਚਾਰੇ ਨਾਲ ਹੋ ਰਹੀਆਂ ਬੇਇਨਸਾਫ਼ੀ, ਸ਼ੋਸ਼ਣ ਅਤੇ ਵੱਖ-ਵੱਖ ਮੁੱਦਿਆਂ ਦੇ ਨਿਪਟਾਰੇ ਲਈ ਸਮੇਂ-ਸਮੇਂ ‘ਤੇ ਲੋੜ ਅਨੁਸਾਰ ਸੁਝਾਅ ਵੀ ਰਾਸ਼ਟਰਪਤੀ ਨੂੰ ਦਿੱਤੇ।