ਮਨੀਪੁਰ ਮੁੱਦੇ ‘ਤੇ ਸਦਨ ‘ਚ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਰਾਜ ਸਭਾ ਦੇ ਚੇਅਰਮੈਨ ਨੇ ਮਾਨਸੂਨ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਸੰਜੇ ਸਿੰਘ ਨੂੰ ਵਾਰ-ਵਾਰ ਚੇਅਰਮੈਨ ਦੇ ਹੁਕਮਾਂ ਦੀ ਉਲੰਘਣਾ ਕਰਨ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਸੰਜੇ ਸਿੰਘ ਦੀ ਇਹ ਮੁਅੱਤਲੀ ਅਜਿਹੇ ਸਮੇਂ ਹੋਈ ਹੈ ਜਦੋਂ ਦਿੱਲੀ ਵਿੱਚ ਨੌਕਰਸ਼ਾਹਾਂ ਨੂੰ ਕੰਟਰੋਲ ਕਰਨ ਲਈ ਕੇਂਦਰ ਦੇ ਆਰਡੀਨੈਂਸ ਨੂੰ ਲੈ ਕੇ ਭਾਜਪਾ ਅਤੇ ‘ਆਪ’ ਵਿਚਾਲੇ ਟਕਰਾਅ ਚੱਲ ਰਿਹਾ ਹੈ।
ਸੰਸਦ ਦੇ ਮੌਜੂਦਾ ਸੈਸ਼ਨ ‘ਚ ਸੰਜੇ ਸਿੰਘ ਨੂੰ ਰਾਜ ਸਭਾ ਤੋਂ ਮੁਅੱਤਲ ਕੀਤੇ ਜਾਣ ‘ਤੇ ‘ਆਪ’ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਜੇਕਰ ਭਾਜਪਾ ਦੀ ਚੱਲੇ ਤਾਂ ਤਾਂ ਉਹ ਸੰਜੇ ਸਿੰਘ ਨੂੰ ਜੇਲ੍ਹ ‘ਚ ਡੱਕ ਦਿੰਦੇ। ਸੰਜੇ ਸਿੰਘ ਸੰਸਦ ਵਿੱਚ ਵਿਰੋਧੀ ਧਿਰ ਦੀ ਸਭ ਤੋਂ ਬੁਲੰਦ ਆਵਾਜ਼ ਹਨ। ਉਹ ਨਾਅਰੇਬਾਜ਼ੀ ਕਰਦੇ ਹਨ ਅਤੇ ਸਮੁੱਚੀ ਵਿਰੋਧੀ ਧਿਰ ਇਕਜੁੱਟ ਹੋ ਜਾਂਦੀ ਹੈ। ਜ਼ਾਹਿਰ ਹੈ ਕਿ ਵਿਰੋਧੀ ਧਿਰ ਦੀਆਂ ਨਜ਼ਰਾਂ ‘ਚ ਸੰਜੇ ਸਿੰਘ ਮੁਸੀਬਤ ਬਣੇ ਹੋਏ ਹਨ। ਇਸ ਲਈ ਉਹ ਸੰਜੇ ਸਿੰਘ ਦੀ ਆਵਾਜ਼ ਨੂੰ ਬੰਦ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਪਰ ਇਹ ਡਰਾਮੇਬਾਜ਼ੀਆਂ, ਸੀ.ਬੀ.ਆਈ., ਈ.ਡੀ ਦੀ ਦੁਰਵਰਤੋਂ, ਉਹ ਜੋ ਵੀ ਕਰਨ, ਭਾਜਪਾ ਸਰਕਾਰ ਦੀ ਵਾਪਸੀ ਮੁਸ਼ਕਿਲ ਹੈ। ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਸੰਜੇ ਸਿੰਘ ਨੂੰ ਮੁਅੱਤਲ ਕਰ ਦਿੱਤਾ ਜਾਵੇ ਤਾਂ ਵੀ ਕੋਈ ਦੁੱਖ ਨਹੀਂ। ਮੈਨੂੰ ਹੋਰ ਤੱਥ ਨਹੀਂ ਪਤਾ, ਹੁਣ ਸੰਜੇ ਸਿੰਘ ਅਤੇ ਕਾਨੂੰਨੀ ਵਿੰਗ ਦੇ ਲੋਕ ਦੇਖਣਗੇ ਕਿ ਇਸ ਮਾਮਲੇ ‘ਚ ਕੀ ਕੀਤਾ ਜਾ ਸਕਦਾ ਹੈ, ਪਰ ਇਹ ਮੰਦਭਾਗਾ ਹੈ।
ਦਸ ਦਈਏ ਕਿ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਗਠਜੋੜ ਸੋਮਵਾਰ ਨੂੰ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੰਸਦ ਦੇ ਦੋਵਾਂ ਸਦਨਾਂ ‘ਚ ਮਨੀਪੁਰ ਮੁੱਦੇ ‘ਤੇ ਬਿਆਨ ਦੇਣ ਅਤੇ ਚਰਚਾ ਕਰਨ ਦੀ ਮੰਗ ਕਰਦੇ ਰਹੇ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਸਮੇਤ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਨਿਯਮ 267 ਤਹਿਤ ਮਣੀਪੁਰ ਮੁੱਦੇ ‘ਤੇ ਚਰਚਾ ਕਰਨ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਮੰਗ ਕਰਦੇ ਹੋਏ ਉਪਰਲੇ ਸਦਨ ਵਿੱਚ ਮੁਲਤਵੀ ਨੋਟਿਸ ਦਿੱਤੇ। ਖੜਗੇ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ, ਕਾਂਗਰਸ ਦੇ ਸਈਅਦ ਨਾਸਿਰ ਹੁਸੈਨ ਅਤੇ ਕੁਝ ਹੋਰ ਵਿਰੋਧੀ ਮੈਂਬਰਾਂ ਨੇ ਵੀ ਇਸੇ ਵਿਸ਼ੇ ‘ਤੇ ਕਾਰਵਾਈ ਮੁਲਤਵੀ ਕਰਨ ਦੇ ਨੋਟਿਸ ਦਿੱਤੇ।
ਜ਼ਿਕਰਯੋਗ ਹੈ ਕਿ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੰਸਦ ਦੇ ਅੰਦਰ ਮਨੀਪੁਰ ਦੇ ਮੁੱਦੇ ‘ਤੇ ਬਿਆਨ ਦੇਣ ਅਤੇ ਚਰਚਾ ਕਰਨ ਦੀ ਮੰਗ ਕਰ ਰਹੀਆਂ ਹਨ। ਇਸ ਮੁੱਦੇ ‘ਤੇ ਹੰਗਾਮੇ ਕਾਰਨ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦੋ ਦਿਨ ਦੋਵਾਂ ਸਦਨਾਂ ਦੀ ਕਾਰਵਾਈ ਵਿੱਚ ਵਾਰ-ਵਾਰ ਵਿਘਨ ਪਿਆ।