ਸੂਬੇ ਦੇ ਠੇਕਾ/ਕੱਚੇ ਅਧਿਆਪਕਾਂ ਦੀ 10 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ਅੱਜ ਉਨ੍ਹਾਂ ਨੂੰ ਰੈਗੂਲਰ ਕਰ ਦਿੱਤਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਕਰਵਾਏ ਪ੍ਰੋਗਰਾਮ ਵਿੱਚ 12, 710 ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਪੱਕੇ (ਰੈਗੂਲਰ) ਕਰ ਦਿੱਤੀਆਂ ਹਨ ਅਤੇ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ। ਸੀਐਮ ਮਾਨ ਨੇ ਕਿਹਾ ਕਿ ਬਾਕੀ ਰਹਿੰਦੇ 150-200 ਕੱਚੇ ਅਧਿਆਪਕਾਂ ਨੂੰ ਵੀ ਰੈਗੂਲਰ ਕਰ ਦਿੱਤਾ ਜਾਵੇਗਾ। ਪਰ ਥੋੜਾ ਇੰਤਜ਼ਾਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਦਿੱਤੀ ਜਾਣ ਵਾਲੀ 3-6 ਹਜ਼ਾਰ ਰੁਪਏ ਦੀ ਤਨਖਾਹ ਕਿਸੇ ਮਜ਼ਾਕ ਤੋਂ ਘੱਟ ਨਹੀਂ ਹੈ। ਆਪਣੇ ਹੱਕ ਮੰਗਣ ਲਈ ਅਧਿਆਪਕਾਂ ‘ਤੇ ਲਾਠੀਚਾਰਜ ਕੀਤਾ ਗਿਆ। ਪਰ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ।
ਸੀਐਮ ਮਾਨ ਨੇ ਕਿਹਾ ਕਿ ਹੁਣ ਤੱਕ ਕੱਚੇ ਘਰਾਂ ਦਾ ਰਿਵਾਜ ਵੀ ਖਤਮ ਹੋ ਚੁੱਕਾ ਹੈ ਪਰ ਅਧਿਆਪਕ ਅਜੇ ਵੀ ਕੱਚੇ ਹਨ। ਉਹਨਾਂ ਕਿਹਾ ਕਿ ਅੱਜ ਤੋਂ ਅਧਿਆਪਕਾਂ ਦੇ ਮੂੰਹ ਤੋਂ ਕੱਚਾ ਸ਼ਬਦ ਹਟਾ ਦਿੱਤਾ ਗਿਆ ਹੈ ਅਤੇ 58 ਸਾਲ ਦੀ ਉਮਰ ਤੱਕ ਕੋਈ ਸਮੱਸਿਆ ਨਹੀਂ ਆਵੇਗੀ।
ਰੈਗੂਲਰ ਅਧਿਆਪਕਾਂ ਨੂੰ ਇਹ ਲਾਭ ਮਿਲੇਗਾ
1. ਸੀ.ਐਮ ਮਾਨ ਨੇ ਕਿਹਾ ਕਿ ਰੈਗੂਲਰ ਅਧਿਆਪਕ 58 ਸਾਲ ਦੀ ਉਮਰ ਤੱਕ ਚਿੰਤਾ ਮੁਕਤ ਹਨ।
2. ਹਰ ਸਾਲ 5 ਫੀਸਦੀ ਵਾਧਾ।
3. ਮਹਿਲਾ ਅਧਿਆਪਕਾਂ ਨੂੰ ਪੇਡ ਮੈਟਰਨਿਟੀ ਛੁੱਟੀ।
4. ਹਰ ਕਿਸਮ ਦੀ ਅਦਾਇਗੀ ਛੁੱਟੀ।
ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਬਾਕੀ ਰਹਿੰਦੇ ਕੱਚੇ ਅਧਿਆਪਕਾਂ ਨੂੰ ਵੀ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਵੀ ਜਲਦ ਹੀ ਪੱਕੇ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਖਜ਼ਾਨਾ ਕਦੇ ਖ਼ਾਲੀ ਨਹੀਂ ਹੁੰਦਾ ਪਰ ਨੀਅਤ ਸਾਫ਼ ਹੋਣੀ ਚਾਹੀਦੀ ਹੈ।