ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਭਾਰੀ ਮੀਂਹ ਕਾਰਨ ਸਵੇਰੇ ਇਕ ਮੰਦਰ ਢਹਿ-ਢੇਰੀ ਹੋ ਗਿਆ। ਸ਼ਿਮਲਾ ਦੇ ਉਪਨਗਰ ਬਾਲੂਗੰਜ ਦੇ ਨਾਲ ਲੱਗਦੇ ਸ਼ਿਵ ਬਾਬੜੀ ਮੰਦਰ ‘ਚ ਸਵੇਰੇ 7.30 ਵਜੇ ਜ਼ਮੀਨ ਖਿਸਕਣ ਕਾਰਨ 20 ਤੋਂ 25 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹੀਂ ਦਿਨੀਂ ਸਾਵਣ ਦਾ ਮਹੀਨਾ ਹੈ। ਅਜਿਹੇ ਲੋਕ ਸਵੇਰੇ-ਸਵੇਰੇ ਮੰਦਰ ‘ਚ ਪੂਜਾ ਲਈ ਆਉਂਦੇ ਸਨ। ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ‘ਚ ਜੁੱਟ ਗਿਆ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਹਤ ਅਤੇ ਬਚਾਅ ਕਾਰਜਾਂ ‘ਚ ਰੁਕਾਵਟ ਆ ਰਹੀ ਹੈ। ਦੋ ਬੱਚਿਆਂ ਦੀਆਂ ਲਾਸ਼ਾਂ ਮੰਦਰ ਤੋਂ 100 ਮੀਟਰ ਦੀ ਦੂਰੀ ‘ਤੇ ਇਕ ਨਾਲੇ ‘ਚੋਂ ਤਰਸਯੋਗ ਹਾਲਤ ‘ਚ ਮਿਲੀਆਂ। ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਹੈ।
ਉਥੇ ਹੀ ਦੂਜੇ ਪਾਸੇ ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਮਾਮਲਿਗ ਵਿੱਚ ਬੱਦਲ ਫਟਣ ਕਾਰਨ ਲੈਡਸਲਾਈਡ ਹੋ ਗਈ, ਜਿਸ ਕਾਰਨ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਪਿੰਡ ਜਾਦੋਂ ਵਿੱਚ ਦੇਰ ਰਾਤ ਵਾਪਰੀ ਇਸ ਘਟਨਾ ਵਿੱਚ ਦੋ ਘਰ ਵਹਿ ਗਏ, ਜਿਸ ਵਿੱਚ 3 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਦੂਜੇ ਪਾਸੇ ਉੱਤਰਾਖੰਡ ਦੇ ਮਾਲਦੇਵਤਾ ‘ਚ ਲਗਾਤਾਰ ਹੋ ਰਹੀ ਬਾਰਿਸ਼ ਦੌਰਾਨ ਦੇਹਰਾਦੂਨ ਡਿਫੈਂਸ ਕਾਲਜ ਦੀ ਇਮਾਰਤ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ। ਚਮੋਲੀ ਜ਼ਿਲੇ ਦੇ ਬਾਂਸਬਾਡਾ ਪਿੰਡ ਨੇੜੇ ਰੁਦਰਪ੍ਰਯਾਗ-ਗੌਰੀਕੁੰਡ ਹਾਈਵੇਅ ਮੰਦਾਕਿਨੀ ਨਦੀ ‘ਚ ਹੜ੍ਹ ਆਉਣ ਕਾਰਨ ਬੰਦ ਹੋ ਗਿਆ। ਇਸ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਠੱਪ ਹੋ ਗਈ ਹੈ।
ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਬਲਹ ਘਾਟੀ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਬਿਆਸ ਦਰਿਆ ਉਫਾਨ ‘ਤੇ ਚੱਲ ਰਿਹਾ ਹੈ। ਅਧਿਕਾਰੀਆਂ ਮੁਤਾਬਕ ਇੱਥੇ ਕਈ ਸੈਲਾਨੀ ਫਸੇ ਹੋਏ ਹਨ। ਪਿਛਲੇ ਦੋ ਦਿਨਾਂ ਵਿੱਚ ਸੂਬੇ ਵਿੱਚ 30 ਤੋਂ ਵੱਧ ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਅਤੇ 180 ਘਰਾਂ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪੁੱਜਾ ਹੈ। ਇਸ ਦੌਰਾਨ 140 ਦੇ ਕਰੀਬ ਗਊਸ਼ਾਲਾਵਾਂ, ਦੁਕਾਨਾਂ ਅਤੇ ਘਾਟਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਅੱਧੀ ਦਰਜਨ ਲੋਕਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਸੂਚਨਾ ਹੈ। ਮੰਡੀ ਦੇ ਸੱਤ ਮੀਲ ਨੇੜੇ ਬੱਦਲ ਫਟਣ ਕਾਰਨ ਦਰਜਨ ਤੋਂ ਵੱਧ ਵਾਹਨ ਅਤੇ ਕੁਝ ਘਰਾਂ ਨੂੰ ਨੁਕਸਾਨ ਪੁੱਜਾ ਹੈ। ਸੂਬੇ ‘ਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਮੰਡੀ, ਸਿਰਮੌਰ, ਸ਼ਿਮਲਾ, ਹਮੀਰਪੁਰ, ਬਿਲਾਸਪੁਰ ਅਤੇ ਸੋਲਨ ਵਿੱਚ ਵੀ ਪਾਣੀ ਭਰਨ, ਲੈਡਸਲਾਈਡ ਅਤੇ ਦਰੱਖਤ ਡਿੱਗਣ ਕਾਰਨ ਕਈ ਘਰ ਖਤਰੇ ਵਿੱਚ ਆ ਗਏ।
ਰਾਜ ਭਰ ਵਿੱਚ ਕਾਲਕਾ-ਸ਼ਿਮਲਾ, ਚੰਡੀਗੜ੍ਹ-ਮਨਾਲੀ, ਸ਼ਿਮਲਾ-ਧਰਮਸ਼ਾਲਾ, ਪਾਉਂਟਾ-ਸ਼ਿਲਾਈ NH ਸਮੇਤ 800 ਤੋਂ ਵੱਧ ਸੜਕਾਂ ਬੰਦ ਹਨ। 2000 ਤੋਂ ਵੱਧ ਰੂਟਾਂ ’ਤੇ ਬੱਸ ਸੇਵਾਵਾਂ ਠੱਪ ਹੋਣ ਕਾਰਨ ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸੜਕਾਂ, ਬਿਜਲੀ ਅਤੇ ਪਾਣੀ ਤੋਂ ਬਿਨਾਂ ਇੱਥੋਂ ਦੇ ਲੋਕਾਂ ਸਾਹਮਣੇ ‘ਪਹਾੜ’ ਵਰਗੀਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਅਗਲੇ ਤਿੰਨ-ਚਾਰ ਘੰਟਿਆਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਬੱਦਲ ਫਟਣ ਵਰਗੀਆਂ ਘਟਨਾਵਾਂ ਕਾਰਨ ਖਾਸ ਤੌਰ ‘ਤੇ ਬਿਆਸ, ਪੌਂਗ ਡੈਮ, ਰਣਜੀਤ ਸਾਗਰ ਅਤੇ ਸਤਲੁਜ ਦਰਿਆ ਦੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਤਬਾਹੀ ਦੀ ਚੇਤਾਵਨੀ ਦਿੱਤੀ ਗਈ ਹੈ। ਇਸੇ ਤਰ੍ਹਾਂ ਭਲਕੇ ਤੱਕ 9 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਉਥੇ ਹੀ ਹਾਲਾਤ ਵਿਗੜਦੇ ਦੇਖ ਹਿਮਾਚਲ ਪ੍ਰਦੇਸ਼ ਦੇ CM ਸੁੱਖੂ ਨੇ ਜ਼ਿਲ੍ਹੇ ਦੇ ਸਿੱਖਿਅਕ ਅਦਾਰਿਆਂ ‘ਚ ਅੱਜ ਦੀ ਛੁੱਟੀ ਵੀ ਐਲਾਨ ਦਿੱਤੀ ਸੀ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਦੇ ਵਿਚਕਾਰ ਪੁਲਿਸ ਹੈੱਡਕੁਆਰਟਰ ਨੇ ਆਫ਼ਤ ਦੇ ਮੱਦੇਨਜ਼ਰ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਲੋਕ 112 ‘ਤੇ ਕਾਲ ਕਰਕੇ ਆਫ਼ਤ ਸਬੰਧੀ ਜਾਣਕਾਰੀ ਦੇ ਸਕਣਗੇ।
ਦਸ ਦਈਏ ਕਿ ਮੌਜੂਦਾ ਮਾਨਸੂਨ ਸੀਜ਼ਨ ਦੌਰਾਨ ਸੂਬੇ ‘ਚ 257 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 290 ਲੋਕ ਜ਼ਖਮੀ ਹੋਏ ਹਨ। ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 32 ਲੋਕ ਲਾਪਤਾ ਹਨ। ਸੂਬੇ ‘ਚ ਹੁਣ ਤੱਕ 1376 ਮਕਾਨ ਢਹਿ ਗਏ ਹਨ, ਜਦਕਿ 7935 ਮਕਾਨ ਨੁਕਸਾਨੇ ਗਏ ਹਨ। ਇਨ੍ਹਾਂ ਵਿੱਚੋਂ ਕਈ ਘਰ ਅਜਿਹੇ ਹਨ ਜਿਨ੍ਹਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ 270 ਦੁਕਾਨਾਂ, 216 ਲੇਬਰ ਸ਼ੈੱਡ ਅਤੇ 2727 ਗਊਸ਼ਾਲਾਵਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮਾਨਸੂਨ ‘ਚ ਹੁਣ ਤੱਕ 7021 ਰੁਪਏ ਦੀ ਸਰਕਾਰੀ ਅਤੇ ਗੈਰ-ਸਰਕਾਰੀ ਜਾਇਦਾਦ ਤਬਾਹ ਹੋ ਚੁੱਕੀ ਹੈ। ਇਕੱਲੇ ਜਲ ਸ਼ਕਤੀ ਵਿਭਾਗ ਨੂੰ 1668.68 ਕਰੋੜ ਰੁਪਏ, ਲੋਕ ਨਿਰਮਾਣ ਵਿਭਾਗ ਨੂੰ 2248.69 ਕਰੋੜ ਰੁਪਏ, ਬਿਜਲੀ ਬੋਰਡ ਨੂੰ 1505.73 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।