ਪੰਜਾਬ ਸੂਬੇ ‘ਚ ਵੱਧ ਰਹੇ ਨਸ਼ੇ ਦਾ ਖਾਤਮਾ ਕਰਨ ਲਈ ਪੰਜਾਬ ਸਰਕਾਰ ਨੇ ਨਵੀਂ ਰਣਨੀਤੀ ਤਿਆਰ ਕਰ ਲਈ ਹੈ। ਚਿੱਟੇ ਖਿਲਾਫ਼ ਸਰਕਾਰ ਨੇ ਤਾਣਾ-ਬਾਣਾ ਤਿਆਰ ਕਰ ਲਿਆ ਹੈ ਅਤੇ ਜਲਦ ਹੀ ਇਸਦੇ ਜ਼ਬਰਦਸਤ ਨਤੀਜੇ ਲੋਕਾਂ ਸਾਹਮਣੇ ਆਉਣਗੇ। ਇਸ ਦੀ ਜਾਣਕਾਰੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ। ਸੀ.ਐਮ. ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਵਾਇਆ ਹੈ ਕਿ ਅਗਲੇ ਸਾਲ ਤੱਕ ਪੂਰੇ ਪੰਜਾਬ ਵਿੱਚੋਂ ਨਸ਼ਿਆਂ ਦੇ ਕਲੰਕ ਨੂੰ ਮਿਟਾ ਦਿੱਤਾ ਜਾਵੇਗਾ। ਨਾਲ ਹੀ ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਫੜਨ ਲਈ ਪੰਜਾਬ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬੀ ਨੌਜਵਾਨਾਂ ਨੂੰ ਸੂਬੇ ਵਿੱਚ ਹੀ ਰੁਜ਼ਗਾਰ ਦੇਣ ਦਾ ਭਰੋਸਾ ਦਿੱਤਾ, ਤਾਂ ਜੋ ਉਨ੍ਹਾਂ ਨੂੰ ਵਿਦੇਸ਼ ਨਾ ਜਾਣਾ ਪਵੇ।
ਸੀਐਮ ਮਾਨ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਵਿਸ਼ੇਸ਼ ਗਿਰਦਾਵਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਈ ਗਿਰਦਾਵਰੀਆਂ ਸਰਕਾਰ ਤੱਕ ਪਹੁੰਚ ਵੀ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਕੁਝ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੱਤੇ ਜਾਣਗੇ। ਸੂਬਾ ਸਰਕਾਰ ਹਰ ਕਿਸਾਨ, ਮਜ਼ਦੂਰ ਅਤੇ ਦਿਹਾੜੀਦਾਰ ਮਜ਼ਦੂਰ ਦੇ ਬੈਂਕ ਖਾਤੇ ਵਿੱਚ ਮੁਆਵਜ਼ੇ ਦੀ ਰਕਮ ਜਮ੍ਹਾਂ ਕਰਵਾਏਗੀ। ਸੀ.ਐਮ.ਮਾਨ ਨੇ ਕਿਹਾ ਕਿ ਪੰਜਾਬ ‘ਚ ਭ੍ਰਿਸ਼ਟਾਚਾਰ ‘ਤੇ ਨਕੇਲ ਕੱਸ ਕੇ ਲੀਕੇਜ ਨੂੰ ਰੋਕਿਆ ਗਿਆ ਹੈ। ਬਚਿਆ ਪੈਸਾ ਪੰਜਾਬ ਦੇ ਵਿਕਾਸ ‘ਤੇ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਪੰਜਾਬ ਦੇਸ਼ ਦਾ ਨੰਬਰ-1 ਸੂਬਾ ਹੋਵੇਗਾ ਅਤੇ ਇਸ ਨਾਲ ਦੇਸ਼ ਦੁਨੀਆ ਵਿਚ ਮੋਹਰੀ ਵੀ ਬਣੇਗਾ।