ਹਿਮਾਚਲ ਪ੍ਰਦੇਸ਼ ਦੇ ਸਥਾਨਕ ਮੌਸਮ ਵਿਗਿਆਨ ਕੇਂਦਰ ਨੇ ਸ਼ੁੱਕਰਵਾਰ ਨੂੰ 21 ਅਤੇ 22 ਅਗਸਤ ਨੂੰ ਰਾਜ ਦੇ 10 ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ, ਤੂਫ਼ਾਨ ਅਤੇ ਬਿਜਲੀ ਡਿੱਗਣ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਦਫ਼ਤਰ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਅਗਲੇ 48 ਘੰਟਿਆਂ ਦੌਰਾਨ ਹੇਠਲੇ ਅਤੇ ਮੱਧ ਪਹਾੜੀਆਂ ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸੂਬੇ ‘ਚ 21 ਅਗਸਤ ਤੋਂ ਮੀਂਹ ਦੀਆਂ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ 24 ਅਗਸਤ ਤੱਕ ਕਈ ਹਿੱਸਿਆਂ ‘ਚ ਮੀਂਹ ਪਵੇਗਾ।
ਮੌਸਮ ਵਿਭਾਗ ਨੇ 21 ਤੋਂ 23 ਅਗਸਤ ਤੱਕ ਰਾਜ ਦੇ ਗੈਰ-ਕਬਾਇਲੀ ਜ਼ਿਲ੍ਹਿਆਂ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ ਕੁਝ ਥਾਵਾਂ ‘ਤੇ ਤੂਫ਼ਾਨ ਦੇ ਨਾਲ ਬਿਜਲੀ ਡਿੱਗ ਸਕਦੀ ਹੈ। ਇਸ ਨਾਲ ਆਵਾਜਾਈ ਅਤੇ ਹੋਰ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ।
ਇਸ ਦੌਰਾਨ ਸੂਬੇ ਦੇ ਕੁਝ ਸਥਾਨਾਂ ‘ਤੇ ਹਲਕੀ ਬਾਰਿਸ਼ ਹੋਈ, ਜਿਸ ‘ਚੋਂ ਨਗਰੋਟਾ ਸੂਰੀਆਂ ‘ਚ ਸਭ ਤੋਂ ਵੱਧ 50 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਬਾਅਦ ਕਸੌਲੀ ਵਿੱਚ 40 ਮਿਲੀਮੀਟਰ, ਕਾਹੂ ਵਿੱਚ 20 ਮਿਲੀਮੀਟਰ, ਸੋਲਨ ਵਿੱਚ 11 ਮਿਲੀਮੀਟਰ ਅਤੇ ਗੁਲੇਰ, ਘਮਰੂਰ, ਪਾਲਮਪੁਰ, ਸੁਜਾਨਪੁਰ, ਬਿਲਾਸਪੁਰ ਸਦਰ ਅਤੇ ਰੇਣੁਕਾ ਵਿੱਚ 10 ਮਿਲੀਮੀਟਰ ਮੀਂਹ ਪਿਆ।