ਪੰਜਾਬ ਦੇ ਲਗਭਗ 7 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਭਾਖੜਾ ਡੈਮ ਅਤੇ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਇਹ ਸਥਿਤੀ ਪੈਦਾ ਹੋਈ ਹੈ। ਹੜ੍ਹ ਨੇ ਰੋਪੜ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਗੁਰਦਾਸਪੁਰ ਨੂੰ ਪ੍ਰਭਾਵਿਤ ਕੀਤਾ ਹੈ। ਇਸ ਵਿਚਕਾਰ ਪੰਜਾਬ ਦੇ ਕੈਬਨਿਟ ਮੰਤਰੀ, ਵਿਧਾਇਕ, ਪ੍ਰਸ਼ਾਸਨ ਅਤੇ NDRF ਦੀਆਂ ਟੀਮਾਂ ਵਲੋਂ ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਸ ਵਿਚਕਾਰ ਹੁਣ ਇਹ ਖ਼ਬਰ ਸਾਹਮਣੇ ਆਈ ਕਿ ਸ੍ਰੀ ਆਨੰਦਪੁਰ ਸਾਹਿਬ ‘ਚ ਹੜ੍ਹ ਤੋਂ ਬਾਅਦ ਬਚਾਅ ‘ਚ ਲੱਗੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸ ਲਿਆ। ਖੁਦ ਜਾਣਕਾਰੀ ਦਿੰਦੇ ਹੋਏ ਮੰਤਰੀ ਬੈਂਸ ਨੇ ਦੱਸਿਆ ਕਿ ਹੜ੍ਹ ਰਾਹਤ ਕਾਰਜਾਂ ਦੌਰਾਨ ਇਕ ਜ਼ਹਿਰੀਲਾ ਸੱਪ ਪੈਰ ‘ਤੇ ਲੜ ਗਿਆ। ਜ਼ਹਿਰ ਕਾਰਨ ਸੋਜ ਆ ਗਈ ਸੀ। ਹਾਲਾਂਕਿ ਹੁਣ ਸਥਿਤੀ ਠੀਕ ਹੈ। ਸਾਰੇ ਟੈਸਟ ਨਾਰਮਲ ਆ ਗਏ ਹਨ।
ਦਸ ਦਈਏ ਕਿ ਡੈਮ ‘ਚ ਪਾਣੀ ਵਧਣ ਕਾਰਨ ਨਦੀਆਂ ‘ਚ ਪਾਣੀ ਛੱਡਿਆ ਅਤੇ ਫਿਰ ਨਦੀਆਂ ਤੋਂ ਪਾਣੀ ਨਾਲ ਲੱਗਦੇ ਇਲਾਕਿਆਂ ‘ਚ ਦਾਖਲ ਹੋਣਾ ਸ਼ੁਰੂ ਹੋ ਗਿਆ। ਤਰਨਤਾਰਨ ਦੇ ਹਰੀਕੇ ਹੈੱਡਾਂ ਤੋਂ ਪਾਣੀ ਛੱਡਣ ਤੋਂ ਬਾਅਦ ਹੁਣ ਫਿਰੋਜ਼ਪੁਰ ‘ਚ ਹੜ੍ਹ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਇੱਕ ਪੁਲ ਟੁੱਟਣ ਕਾਰਨ ਜਿੱਥੇ 15 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ, ਉਥੇ ਹੀ ਸਰਹੱਦ ’ਤੇ ਸਥਿਤ ਬੀਐਸਐਫ ਦੀ ਚੌਕੀ ਪਾਣੀ ਵਿੱਚ ਡੁੱਬ ਗਈ ਹੈ। ਬੀਐਸਐਫ ਦੇ ਕਰੀਬ 2 ਦਰਜਨ ਜਵਾਨਾਂ ਨੂੰ ਬਾਹਰ ਕੱਢਿਆ ਗਿਆ ਹੈ।