ਉੱਘੇ ਉਦਯੋਗਪਤੀ ਰਤਨ ਟਾਟਾ ਨੂੰ ਸ਼ਨੀਵਾਰ ਨੂੰ ਮਹਾਰਾਸ਼ਟਰ ਸਰਕਾਰ ਦੁਆਰਾ ਸਥਾਪਤ ਪਹਿਲੇ ‘ਉਦਯੋਗ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਟਾਟਾ ਸੰਨਜ਼ ਦੇ 85 ਸਾਲਾ ਸੇਵਾਮੁਕਤ ਚੇਅਰਮੈਨ ਨੂੰ ਇਹ ਪੁਰਸਕਾਰ ਦੱਖਣੀ ਮੁੰਬਈ ਦੇ ਕੋਲਾਬਾ ਸਥਿਤ ਉਦਯੋਗਪਤੀ ਦੇ ਗ੍ਰਹਿ ਵਿਖੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀਆਂ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਦੁਆਰਾ ਦਿੱਤਾ ਗਿਆ। ਪੁਰਸਕਾਰ ਵਿੱਚ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ (MIDC) ਵੱਲੋਂ ਇੱਕ ਸ਼ਾਲ, ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਯਾਦਗਾਰੀ ਚਿੰਨ੍ਹ ਸ਼ਾਮਲ ਸੀ। ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਕਿ ਰਤਨ ਟਾਟਾ ਨੂੰ ‘ਉਦਯੋਗ ਰਤਨ’ ਵਜੋਂ ਸਨਮਾਨਿਤ ਕਰਨ ਨਾਲ ਪੁਰਸਕਾਰ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ, “ਸਾਰੇ ਖੇਤਰਾਂ ਵਿੱਚ ਟਾਟਾ ਸਮੂਹ ਦਾ ਯੋਗਦਾਨ ਬਹੁਤ ਵੱਡਾ ਹੈ। ਟਾਟਾ ਦਾ ਮਤਲਬ ਹੈ ਭਰੋਸਾ।”
ਦਸ ਦਈਏ ਕਿ ਸਟੀਲ ਤੋਂ ਨਮਕ ਤੱਕ ਬਣਾਉਣ ਵਾਲਾ ਟਾਟਾ ਸਮੂਹ, ਛੇ ਮਹਾਂਦੀਪਾਂ ਦੇ 100 ਤੋਂ ਵੱਧ ਦੇਸ਼ਾਂ ਵਿੱਚ ਕੰਮ ਕਰਦਾ ਹੈ। 2021-22 ਵਿੱਚ ਟਾਟਾ ਕੰਪਨੀਆਂ ਦਾ ਸਮੂਹਿਕ ਮਾਲੀਆ 128 ਬਿਲੀਅਨ ਡਾਲਰ ਸੀ।