ਪੰਜਾਬ ਦੇ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਦਾ ਚੰਡੀਗੜ੍ਹ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੱਟਿਆ ਗਿਆ ਹੈ। ਅਮਨਦੀਪ ਫਾਜ਼ਿਲਕਾ ਜ਼ਿਲ੍ਹੇ ਦੀ ਬੱਲੂਆਣਾ ਸੀਟ ਤੋਂ ਵਿਧਾਇਕ ਹਨ। ਉਹਨਾਂ ਦੀ ਪ੍ਰਾਈਵੇਟ ਇਨੋਵਾ ਕਾਰ ਸੜਕ ’ਤੇ ਗਲਤ ਪਾਸੇ ਖੜ੍ਹੀ ਸੀ, ਜਿਸ ’ਤੇ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਕਾਰਵਾਈ ਕੀਤੀ। ਵਿਧਾਇਕ ਦੇ ਨਾਲ ਆਏ ਵਿਅਕਤੀ ਨੇ ਮੌਕੇ ‘ਤੇ ਹੀ 500 ਰੁਪਏ ਦਾ ਚਲਾਨ ਦਿੱਤਾ ਅਤੇ ਆਪਣੀ ਗਲਤੀ ਵੀ ਮੰਨ ਲਈ। ਗੱਡੀ ਦਾ ਨੰਬਰ ਪੀਬੀ 65 ਬੀਏ 3686 ਹੈ। ਪੁਲਿਸ ਵੱਲੋਂ ਜਿਸ ਵਾਹਨ ਦਾ ਚਲਾਨ ਕੀਤਾ ਗਿਆ, ਉਹ ਪੰਜਾਬ ਸਿਵਲ ਸੈਕਟਰ ਨੇੜੇ ਸੜਕ ਦੇ ਗਲਤ ਪਾਸੇ ਖੜ੍ਹੀ ਸੀ। ਉੱਥੇ ਸੁਰੱਖਿਆ ਦੇ ਪ੍ਰਬੰਧ ਸੀਆਰਪੀਐਫ ਦੁਆਰਾ ਦੇਖੇ ਜਾ ਰਹੇ ਹਨ। ਸੀ.ਆਰ.ਪੀ.ਐਫ ਵੱਲੋਂ ਇਸ ਗੱਡੀ ਨੂੰ ਹਟਾਉਣ ਦੇ ਕਈ ਵਾਰ ਐਲਾਨ ਕੀਤੇ ਗਏ ਸਨ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਗੱਡੀ ਨੂੰ ਉਥੋਂ ਨਾ ਹਟਾਇਆ ਗਿਆ ਤਾਂ ਸੀਆਰਪੀਐਫ ਵੱਲੋਂ ਇਸ ਦੀ ਸੂਚਨਾ ਚੰਡੀਗੜ੍ਹ ਪੁਲਿਸ ਦੇ ਕੰਟਰੋਲ ਰੂਮ ਨੂੰ ਦਿੱਤੀ ਗਈ। ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਬਾਅਦ ਟਰੈਫਿਕ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਵਾਹਨ ਦਾ ਚਲਾਨ ਕੀਤਾ।
ਜਿਸ ਸਮੇਂ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਦੀ ਗੱਡੀ ਸੜਕ ਦੇ ਕਿਨਾਰੇ ਖੜ੍ਹੀ ਸੀ, ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ.ਆਈ.ਪੀ. ਰੂਟ ਲੱਗਿਆ ਹੋਇਆ ਸੀ। ਉਨ੍ਹਾਂ ਨੇ ਕੈਬਨਿਟ ਮੀਟਿੰਗ ਲਈ ਸਿਵਲ ਸਕੱਤਰੇਤ ਆਉਣਾ ਸੀ। ਮੁੱਖ ਮੰਤਰੀ ਦੇ ਪ੍ਰੋਟੋਕੋਲ ਅਨੁਸਾਰ ਜਦੋਂ ਉਨ੍ਹਾਂ ਦਾ ਕਾਫ਼ਲਾ ਸੜਕ ਤੋਂ ਰਵਾਨਾ ਹੁੰਦਾ ਹੈ ਤਾਂ ਉਸ ਸੜਕ ‘ਤੇ ਕੋਈ ਵਾਹਨ ਖੜ੍ਹਾ ਨਹੀਂ ਹੋਣਾ ਚਾਹੀਦਾ। ਚੰਡੀਗੜ੍ਹ ਪੁਲਿਸ ਚਲਾਨ ਦੇ ਮਾਮਲੇ ਵਿੱਚ ਕਈ ਵਾਰ ਚਰਚਾ ਵਿੱਚ ਰਹੀ ਹੈ। ਇੱਕ ਵਾਰ ਪੰਜਾਬ ਦੇ ਡੀਜੀਪੀ ਦੇ ਨਾਂ ’ਤੇ ਰਜਿਸਟਰਡ ਸਰਕਾਰੀ ਗੱਡੀ ਦਾ ਵੀ ਚਲਾਨ ਵੀ ਚੰਡੀਗੜ੍ਹ ਪੁਲਿਸ ਨੇ ਹੀ ਕੱਟਿਆ ਸੀ। ਉਸ ਕਾਰ ‘ਚ ਸ਼ੀਸ਼ੇ ‘ਤੇ ਕਾਲੇ ਰੰਗ ਦੀ ਫਿਲਮ ਲੱਗੀ ਹੋਈ ਸੀ।
ਇੰਨਾ ਹੀ ਨਹੀਂ ਸੈਕਟਰ 8 ਵਿੱਚ ਹਰਿਆਣਾ ਦੇ ਆਈਜੀ ਦੀ ਸਰਕਾਰੀ ਗੱਡੀ ਅਤੇ ਜੱਜ ਦੀ ਸਰਕਾਰੀ ਗੱਡੀ ਦਾ ਵੀ ਸੈਕਟਰ 34 ਵਿੱਚ ਬੀਐਸਐਨਐਲ ਦਫ਼ਤਰ ਨੇੜੇ ਗਲਤ ਪਾਰਕਿੰਗ ਲਈ 2018 ਵਿੱਚ ਚਲਾਨ ਕੀਤਾ ਗਿਆ ਸੀ। ਜੱਜ ਉਸ ਸਮੇਂ ਗੱਡੀ ਵਿੱਚ ਮੌਜੂਦ ਨਹੀਂ ਸਨ। ਉਸ ਦਾ ਡਰਾਈਵਰ ਕਿਸੇ ਕੰਮ ਲਈ ਕਾਰ ਲੈ ਕੇ ਆਇਆ ਸੀ। ਪੰਜਾਬ ਚੰਡੀਗੜ੍ਹ ਪੁਲਿਸ ਨੇ ਪਿਛਲੇ ਸਾਲ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਵੀ ਚਲਾਨ ਕੀਤਾ ਸੀ। ਉਹ ਸ਼ਹਿਰ ਵਿੱਚ ਬਿਨਾਂ ਹੈਲਮੇਟ ਦੇ ਸਾਈਕਲ ਚਲਾਈ ਸੀ।