ਹਰਿਆਣਾ ਪੁਲਿਸ ਨੇ ਮੋਨੂੰ ਮਾਨੇਸਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਨੂੰ ‘ਤੇ ਭਿਵਾਨੀ ਦੇ ਨਾਸਿਰ-ਜੁਨੈਦ ਕਤਲ ਕਾਂਡ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਉਸ ਨੂੰ ਰਾਜਸਥਾਨ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਮੋਨੂੰ ਨੂੰ ਉਸ ਦੇ ਹੀ ਪਿੰਡ ਮਾਨੇਸਰ ਤੋਂ ਫੜਿਆ ਗਿਆ ਹੈ। ਉਹ ਪਿਛਲੇ 8 ਮਹੀਨਿਆਂ ਤੋਂ ਫਰਾਰ ਸੀ। 16 ਫਰਵਰੀ 2023 ਨੂੰ, ਹਰਿਆਣਾ ਦੇ ਭਿਵਾਨੀ ਵਿੱਚ ਇੱਕ ਬੋਲੈਰੋ ਗੱਡੀ ਵਿੱਚ ਦੋ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਲਾਸ਼ਾਂ ਰਾਜਸਥਾਨ ਦੇ ਭਰਤਪੁਰ ਜ਼ਿਲੇ ਦੇ ਘਾਟਮਿਕਾ ਪਿੰਡ ਦੇ ਜੁਨੈਦ ਅਤੇ ਨਾਸਿਰ ਦੀਆਂ ਹਨ। ਹਰਿਆਣਾ ਦੇ ਕਈ ਗਊ ਰੱਖਿਅਕਾਂ ‘ਤੇ ਉਨ੍ਹਾਂ ਨੂੰ ਜ਼ਿੰਦਾ ਸਾੜਨ ਦੇ ਦੋਸ਼ ਲੱਗੇ ਸਨ। ਇਨ੍ਹਾਂ ਵਿਚ ਸਭ ਤੋਂ ਮਸ਼ਹੂਰ ਨਾਂ ਮੋਨੂ ਮਾਨੇਸਰ ਉਰਫ ਮੋਹਿਤ ਯਾਦਵ ਦਾ ਸੀ।
ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਪਹਾੜੀ ਖੇਤਰ ਦੇ ਘਾਟਮਿਕਾ ਪਿੰਡ ਦੇ ਰਹਿਣ ਵਾਲੇ ਨਾਸਿਰ (28) ਅਤੇ ਜੁਨੈਦ (33) ਨੂੰ 15 ਫਰਵਰੀ ਨੂੰ ਅਗਵਾ ਕਰ ਲਿਆ ਗਿਆ ਸੀ। ਅਗਲੇ ਦਿਨ ਉਨ੍ਹਾਂ ਦੀਆਂ ਲਾਸ਼ਾਂ ਹਰਿਆਣਾ ਦੇ ਭਿਵਾਨੀ ਵਿੱਚ ਬੋਲੈਰੋ ਵਿੱਚੋਂ ਮਿਲੇ ਸਨ। ਇਸ ਮਾਮਲੇ ‘ਚ ਦੋਵਾਂ ਦੇ ਪਰਿਵਾਰ ਨੇ ਗਊ ਰੱਖਿਅਕ ਮੋਨੂੰ ਮਾਨੇਸਰ ਅਤੇ ਬਜਰੰਗ ਦਲ ਨਾਲ ਜੁੜੇ ਉਸ ਦੇ ਸਾਥੀਆਂ ‘ਤੇ ਲੜਾਈ ਤੋਂ ਬਾਅਦ ਦੋਹਾਂ ਨੂੰ ਜ਼ਿੰਦਾ ਸਾੜ ਕੇ ਮਾਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਭਰਤਪੁਰ ਥਾਣਾ ਪੁਲਸ ਨੇ ਮੋਨੂੰ ਮਾਨੇਸਰ ਅਤੇ ਹੋਰ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 8 ਫਰਾਰ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇੰਨਾਂ ਹੀ ਨਹੀਂ ਹਾਲ ਹੀ ਵਿਚ ਹਰਿਆਣਾ ਦੇ ਨੂੰਹ ‘ਚ ਹੋਈ ਹਿੰਸਾ ਨੂੰ ਲੈਕੇ ਮੋਨੂੰ ਚਰਚਾ ‘ਚ ਰਿਹਾ ਹੈ। ਉਸ ‘ਤੇ ਨੂੰਹ ‘ਚ ਵਾਪਰੀ ਹਿੰਸਾ ਤੋਂ ਪਹਿਲਾਂ ਭੀੜ ਨੂੰ ਭੜਕਾਉਣ ਦੇ ਵੀ ਦੋਸ਼ ਲੱਗੇ ਲੱਗੇ ਹਨ।