ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਆਪਣੇ ਆਖਰੀ ਗਰੁੱਪ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-0 ਦੇ ਫਰਕ ਨਾਲ ਹਰਾਇਆ। ਇਸ ਦੇ ਨਾਲ ਇਸ ਟੂਰਨਾਮੈਂਟ ਵਿੱਚ ਭਾਰਤ ਦਾ ਅਜਿੱਤ ਸਿਲਸਿਲਾ ਜਾਰੀ ਹੈ। ਆਪਣੇ ਸਾਰੇ ਪੰਜ ਮੈਚ ਜਿੱਤ ਕੇ ਟੀਮ ਇੰਡੀਆ ਨੇ ਗਰੁੱਪ ਸਟੇਜ ਤੋਂ ਬਾਅਦ ਅੰਕ ਸੂਚੀ ਵਿਚ ਸਿਖਰ ‘ਤੇ ਰਹਿ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਇਸ ਦੇ ਨਾਲ ਹੀ ਕਰੋ ਜਾਂ ਮਰੋ ਮੈਚ ਵਿੱਚ ਮਿਲੀ ਸ਼ਰਮਨਾਕ ਹਾਰ ਦੇ ਨਾਲ ਪਾਕਿਸਤਾਨ ਦੀ ਟੀਮ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਗਈ ਹੈ। ਭਾਰਤ ਪਹਿਲਾਂ ਹੀ ਸੈਮੀਫਾਈਨਲ ‘ਚ ਜਗ੍ਹਾ ਬਣਾ ਚੁੱਕਾ ਸੀ, ਜਦਕਿ ਪਾਕਿਸਤਾਨ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ ਘੱਟੋ-ਘੱਟ ਇਹ ਮੈਚ ਡਰਾਅ ਕਰਵਾਉਣਾ ਸੀ।
ਇਸ ਮੈਚ ‘ਚ ਜਿੱਤ ਨਾਲ ਪਾਕਿਸਤਾਨ ਸੈਮੀਫਾਈਨਲ ‘ਚ ਜਗ੍ਹਾ ਬਣਾ ਸਕਦਾ ਸੀ ਅਤੇ ਡਰਾਅ ਕਰਵਾਉਣ ‘ਤੇ ਕਿਸਮਤ ਦੇ ਭਰੋਸੇ ਸੈਮੀਫਾਈਨਲ ਖੇਡਿਆ ਜਾ ਸਕਦਾ ਸੀ ਪਰ ਏਸ਼ੀਅਨ ਚੈਂਪੀਅਨਜ਼ ਟਰਾਫੀ ‘ਚ ਪਾਕਿਸਤਾਨ ਦਾ ਸਫਰ 4-0 ਦੀ ਹਾਰ ਨਾਲ ਲਗਭਗ ਖਤਮ ਹੋ ਗਿਆ ਹੈ। ਪਾਕਿਸਤਾਨ ਦੀ ਕਿਸਮਤ ਚੀਨ ਅਤੇ ਜਾਪਾਨ ਵਿਚਾਲੇ ਹੋਏ ਮੈਚ ਦੇ ਨਤੀਜੇ ‘ਤੇ ਟਿਕੀ ਹੋਈ ਹੈ। ਪਾਕਿਸਤਾਨ ਦੀ ਟੀਮ ਚਾਹੇਗੀ ਕਿ ਚੀਨੀ ਟੀਮ ਜਾਪਾਨ ਨੂੰ ਹਰਾਉਣ, ਜੇਕਰ ਜਾਪਾਨ ਜਿੱਤਦਾ ਹੈ ਤਾਂ ਵੀ ਜਿੱਤ ਦਾ ਫਰਕ ਘੱਟ ਰਹੇਗਾ। ਇਸ ਤੋਂ ਇਲਾਵਾ ਪਾਕਿਸਤਾਨ ਇਹ ਵੀ ਚਾਹੇਗਾ ਕਿ ਮਲੇਸ਼ੀਆ ਦੀ ਟੀਮ ਦੱਖਣੀ ਕੋਰੀਆ ‘ਤੇ ਵੱਡੇ ਫਰਕ ਨਾਲ ਜਿੱਤ ਦਰਜ ਕਰੇ, ਤਾਂ ਹੀ ਪਾਕਿਸਤਾਨ ਸੈਮੀਫਾਈਨਲ ਖੇਡ ਸਕੇਗਾ।
ਟੀਮ ਇੰਡੀਆ ਪਿਛਲੇ 15 ਮੈਚਾਂ ‘ਚ ਪਾਕਿਸਤਾਨ ਖਿਲਾਫ ਨਹੀਂ ਹਾਰੀ ਹੈ। ਭਾਰਤ ਨੇ ਇਨ੍ਹਾਂ ‘ਚੋਂ 13 ਮੈਚ ਜਿੱਤੇ ਹਨ, ਜਦਕਿ ਦੋ ਮੈਚ ਡਰਾਅ ਰਹੇ ਹਨ। ਭਾਰਤੀ ਟੀਮ ਨੇ ਮੈਚ ਦੇ ਚਾਰ ਕੁਆਰਟਰਾਂ ਵਿੱਚ ਇੱਕ-ਇੱਕ ਗੋਲ ਕੀਤਾ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪਹਿਲੇ ਦੋ ਕੁਆਰਟਰਾਂ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਇਸ ਦੇ ਨਾਲ ਹੀ ਤੀਜੇ ਕੁਆਰਟਰ ‘ਚ ਜੁਗੰਤ ਸਿੰਘ ਨੇ ਪੈਨਲਟੀ ਕਾਰਨਰ ‘ਤੇ ਗੋਲ ਕੀਤਾ ਅਤੇ ਆਖਰੀ ਕੁਆਰਟਰ ‘ਚ ਅਕਾਸ਼ਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਭਾਰਤ ਦੀ ਜਿੱਤ ਦਾ ਫਰਕ ਵਧਾ ਦਿੱਤਾ।