ਆਮਦਨ ਕਰ ਵਿਭਾਗ (Income Tax Department) ਵਲੋਂ ਬੀਬੀਸੀ ਦੇ ਦਫ਼ਤਰਾਂ ‘ਤੇ ਕੀਤੀ ਗਈ ਰੇਡ ਨੂੰ ਲੈਕੇ ਸਿਆਸਤ ਪੂਰੀ ਤਰ੍ਹਾਂ ਭੱਖਦੀ ਜਾ ਰਹੀ ਹੈ। ਇਸ ਸਿਆਸੀ ਸੰਗ੍ਰਾਮ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਟਵੀਟ ਸਾਹਮਣੇ ਆ ਚੁੱਕਾ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਸ ਦੀ ਆਵਾਜ਼ ਨੂੰ ਦਬਾਉਣਾ ਜਨਤਾ ਦੀ ਆਵਾਜ਼ ਨੂੰ ਦਬਾਉਣ ਦੇ ਬਰਾਬਰ ਹੈ। ਕੇਜਰੀਵਾਲ ਦੀ ਇਹ ਟਿੱਪਣੀ ਆਮਦਨ ਕਰ ਵਿਭਾਗ ਵੱਲੋਂ ਬੀ.ਬੀ.ਸੀ. ਦੇ ਦਿੱਲੀ ਅਤੇ ਮੁੰਬਈ ਸਥਿਤ ਦਫਤਰਾਂ ‘ਤੇ ਸਰਵੇਖਣ ਕਰਨ ਤੋਂ ਇਕ ਦਿਨ ਬਾਅਦ ਆਈ ਹੈ।
ਕੇਜਰੀਵਾਲ ਨੇ ਟਵੀਟ ਕੀਤਾ, ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਬਰਾਬਰ ਹੈ। ਜੋ ਵੀ ਭਾਜਪਾ ਦੇ ਖਿਲਾਫ ਬੋਲਦਾ ਹੈ ਉਸਦ ਪਿੱਛੇ ਇਹ ਲੋਕ IT, CBI ਅਤੇ ED ਨੂੰ ਛੱਡ ਦਿੰਦੇ ਹਨ। ਕੀ ਭਾਜਪਾ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਅਤੇ ਸੰਸਥਾਵਾਂ ਨੂੰ ਕੁਚਲ ਕੇ ਪੂਰੇ ਦੇਸ਼ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ?
ਕੇਂਦਰ ਦੀ ਸੱਤਾਧਾਰੀ ਭਾਜਪਾ ਦੁਆਰਾ ਬੀਬੀਸੀ ‘ਤੇ “ਜ਼ਹਿਰੀਲੀ ਰਿਪੋਰਟਿੰਗ” ਦਾ ਦੋਸ਼ ਲਗਾਉਂਦੇ ਹੋਏ ਤਿੱਖੀ ਸਿਆਸੀ ਬਹਿਸ ਛੇੜ ਦਿੱਤੀ ਗਈ ਹੈ ਅਤੇ ਵਿਰੋਧੀ ਧਿਰ ਨੇ ਇਸ ਕਦਮ ਨੂੰ ਲੈਕੇ ਸਵਾਲ ਉਠਾਏ ਸਨ। ਵਿਰੋਧੀਆਂ ਦੇ ਇਲਜ਼ਾਮ ਹਨ ਕਿ ਮੋਦੀ ਸਰਕਾਰ ਖਿਲਾਫ਼ ਬੀਬੀਸੀ ਵਲੋਂ ਪ੍ਰਸਾਰਿਤ ਕੀਤੀਆਂ documentaries ਨੂੰ ਲੈਕੇ IT ਨੇ ਇਹ ਕਾਰਵਾਈ ਕੀਤੀ ਹੈ। ਜਦਕਿ ਅਧਿਕਾਰੀਆਂ ਮੁਤਾਬਕ ਕਥਿਤ ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋਂ ਇਹ ਕਾਰਵਾਈ ਕੀਤੀ ਗਈ ਹੈ ਜੋ ਅੱਜ ਦੂਜੇ ਦਿਨ ਵੀ ਜਾਰੀ ਹੈ। ਹਾਸਲ ਹੋਈ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਜਾਂਚਕਰਤਾ, ਸੰਗਠਨ ਦੇ ਇਲੈਕਟ੍ਰਾਨਿਕ ਅਤੇ ਕਾਗਜ਼-ਅਧਾਰਤ ਵਿੱਤੀ ਡੇਟਾ ਦੀਆਂ ਕਾਪੀਆਂ ਬਣਾ ਰਹੇ ਹਨ।