ਬੈਂਕਰ ਉਦੈ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਾਰਡ ਆਫ਼ ਡਾਇਰੈਕਟਰ ਦੇ ਚੇਅਰਮੈਨ ਪ੍ਰਕਾਸ਼ ਆਪਟੇ ਨੂੰ ਲਿਖੇ ਇੱਕ ਪੱਤਰ ਵਿੱਚ, ਉਦੈ ਕੋਟਕ ਨੇ ਕਿਹਾ ਕਿ ਉਹਨਾਂ “ਤੁਰੰਤ ਪ੍ਰਭਾਵ ਨਾਲ” ਅਸਤੀਫਾ ਦੇ ਦਿੱਤਾ ਹੈ, ਹਾਲਾਂਕਿ ਉਨ੍ਹਾਂ ਕੋਲ ਅਜੇ ਕੁਝ ਮਹੀਨੇ ਬਾਕੀ ਹਨ। ਉਦੈ ਕੋਟਕ ਨੇ ਪੱਤਰ ਵਿੱਚ ਕਿਹਾ, “ਮੈਂ ਕੁਝ ਸਮੇਂ ਲਈ ਇਸ ਫੈਸਲੇ ‘ਤੇ ਵਿਚਾਰ ਕੀਤਾ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਕਰਨਾ ਸਹੀ ਹੈ।”
ਉਹਨਾਂ ਕਿਹਾ, “ਕੋਟਕ ਮਹਿੰਦਰਾ ਬੈਂਕ ਦਾ ਉਤਰਾਧਿਕਾਰ ਮੇਰੇ ਦਿਮਾਗ ਵਿੱਚ ਸਭ ਤੋਂ ਮਹਤੱਵਪੂਰਨ ਰਿਹਾ ਹੈ, ਕਿਉਂਕਿ ਸਾਡੇ ਚੇਅਰਮੈਨ, ਮੈਨੂੰ ਅਤੇ ਜੁਆਇੰਟ ਐਮਡੀ ਨੂੰ ਸਾਲ ਦੇ ਅੰਤ ਤੱਕ ਅਹੁਦਾ ਛੱਡਣਾ ਪਵੇਗਾ। ਮੈਂ ਇਹਨਾਂ ਰਵਾਨਗੀਆਂ ਨੂੰ ਕ੍ਰਮਵਾਰ ਕਰਕੇ ਇੱਕ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਉਤਸੁਕ ਹਾਂ। ਮੈਂ ਇਹ ਪ੍ਰਕਿਰਿਆ ਹੁਣ ਸ਼ੁਰੂ ਕਰ ਰਿਹਾ ਹਾਂ ਅਤੇ ਆਪਣੀ ਮਰਜ਼ੀ ਨਾਲ ਸੀਈਓ ਦਾ ਅਹੁਦਾ ਛੱਡ ਰਿਹਾ ਹਾਂ। ਫਿਲਹਾਲ, ਮੌਜੂਦਾ ਜੁਆਇੰਟ ਐਮਡੀ ਦੀਪਕ ਗੁਪਤਾ ਪ੍ਰਵਾਨਗੀ ਦੇ ਤਹਿਤ ਐਮਡੀ ਅਤੇ ਸੀਈਓ ਵਜੋਂ ਕੰਮ ਕਰਨਗੇ।
ਉਦੈ ਕੋਟਕ ਨੇ ਕਿਹਾ, “ਸੰਸਥਾਪਕ ਦੇ ਤੌਰ ‘ਤੇ, ਮੈਂ ਕੋਟਕ ਬ੍ਰਾਂਡ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹਾਂ ਅਤੇ ਇੱਕ ਗੈਰ-ਕਾਰਜਕਾਰੀ ਨਿਰਦੇਸ਼ਕ ਅਤੇ ਮਹੱਤਵਪੂਰਨ ਸ਼ੇਅਰਧਾਰਕ ਦੇ ਰੂਪ ਵਿੱਚ ਸੰਸਥਾ ਦੀ ਸੇਵਾ ਕਰਨਾ ਜਾਰੀ ਰੱਖਾਂਗਾ। ਸਾਡੇ ਕੋਲ ਵਿਰਾਸਤ ਨੂੰ ਅੱਗੇ ਵਧਾਉਣ ਲਈ ਇੱਕ ਸ਼ਾਨਦਾਰ ਪ੍ਰਬੰਧਨ ਟੀਮ ਹੈ। ਸੰਸਥਾਪਕ ਚਲੇ ਜਾਂਦੇ ਹਨ ਪਰ ਸੰਸਥਾ ਹਮੇਸ਼ਾ ਵਧਦੀ-ਫੁੱਲਦੀ ਰਹਿੰਦੀ ਹੈ।”
ਦਸ ਦਈਏ ਕਿ ਉਦੈ ਕੋਟਕ ਨੇ 38 ਸਾਲਾਂ ਤੋਂ ਵਿੱਤੀ ਸੇਵਾਵਾਂ ਦੀ ਵਿਸ਼ਾਲ ਸ਼੍ਰੇਣੀ ਵਿੱਚ ਸਮੂਹ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਪ੍ਰਦਰਸ਼ਨ ਦਾ ਅਸਲ ਮਾਪ ਟਿਕਾਊ ਮੁੱਲ ਸਿਰਜਣਾ ਹੈ।