ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲੈ ਲਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 6 ਸਾਥੀ ਗ੍ਰਿਫਤਾਰ ਕੀਤੇ ਸੀ ਜਿੰਨਾ ਪਾਸੋਂ ਭਾਰੀ ਮਾਤਰਾ ‘ਚ ਹਥਿਆਰ ਵੀ ਬਰਾਮਦ ਕੀਤੇ ਹਨ। ਗੌਰਤਲਬ ਹੈ ਕਿ ਇਸ ਵੇਲੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਤਿੰਨ ਕੇਸ ਦਰਜ ਹਨ। ਜਿਨ੍ਹਾਂ ਵਿੱਚੋਂ ਦੋ ਥਾਣਾ ਅਜਨਾਲਾ ਵਿੱਚ ਹਨ। ਪੁਲਿਸ ਕਾਫੀ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਸੀ।
ਦਸ ਦਈਏ ਕਿ ਅੱਜ ਅੰਮ੍ਰਿਤਪਾਲ ਸਿੰਘ ਵੱਲੋਂ ਜਲੰਧਰ ਦੇ ਸ਼ਾਹਕੋਟ ਮਲਸੀਆਂ ਤੋਂ ਖਾਲਸਾ ਵਹੀਰ ਕੱਢੀ ਜਾਣੀ ਸੀ। ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸਮਰਥਕ ਇਕੱਠੇ ਹੋ ਰਹੇ ਸਨ। ਪਰ ਸਵੇਰ ਤੋਂ ਹੀ ਭਾਰੀ ਪੁਲਿਸ ਫੋਰਸ ਉਨ੍ਹਾਂ ਦੇ ਕਾਫਲੇ ਦਾ ਪਿੱਛਾ ਕਰ ਰਹੀ ਸੀ। ਜਦੋਂ ਇਹ ਕਾਫਲਾ ਸ਼ਾਹਕੋਟ ਪੁੱਜਾ ਤਾਂ ਪੁਲਿਸ ਫੋਰਸ ਨੇ ਘੇਰ ਲਿਆ।
ਪੰਜਾਬ ਪੁਲਿਸ ਨੇ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਫਿਲਹਾਲ ਐਤਵਾਰ ਨੂੰ ਦੁਪਹਿਰ 12 ਵਜੇ ਤੱਕ ਪੂਰੇ ਪੰਜਾਬ ‘ਚ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।