ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। 100 ਸਾਲ ਦੀ ਉਮਰ ਵਿੱਚ ਮਾਂ ਹੀਰਾਬੇਨ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ ਅੰਤਿਮ ਸੰਸਕਾਰ ਅੱਜ ਸਵੇਰੇ ਹੀ ਗਾਂਧੀਨਗਰ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ। ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਵੱਡੇ ਭਰਾ ਸੋਮਾਭਾਈ ਨੇ ਹੀਰਾਬੇਨ ਦੀ ਮ੍ਰਿਤਕ ਦੇਹ ਨੂੰ ‘ਅਗਨੀ’ ਦਿੱਤੀ। ਇਥੇ ਦਸ ਦਈਏ ਕਿ ਬੁੱਧਵਾਰ ਨੂੰ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਅਹਿਮਦਾਬਾਦ ਦੇ ਯੂ.ਐੱਨ. ਮਹਿਤਾ ਇੰਸਟੀਚਿਊਟ ਆਫ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ, ਹਸਪਤਾਲ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਮਾਂ ਦੀ ਹਾਲਤ ਸਥਿਰ ਹੈ ਪਰ ਅੱਜ ਸਵੇਰੇ ਉਹਨਾਂ ਨੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ ਹੈ।
ਆਪਣੀ ਮਾਂ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕਰਦੇ ਹੋਏ, ਪੀਐਮ ਮੋਦੀ ਨੇ ਲਿਖਿਆ, “ਇੱਕ ਸ਼ਾਨਦਾਰ ਸਦੀ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਵਾਸ… ਸ਼ਾਨਦਾਰ ਸਦੀ ਦਾ ਪ੍ਰਮਾਤਮਾ ਦੇ ਚਰਨਾਂ ਵਿਚ ਵਿਰਾਮ… ਮਾਂ ਵਿਚ ਮੈਂ ਹਮੇਸ਼ਾ ਉਸ ਤ੍ਰਿਮੂਰਤੀ ਨੂੰ ਮਹਿਸੂਸ ਕੀਤਾ ਹੈ, ਜਿਸ ਵਿਚ ਇਕ ਤਪੱਸਵੀ ਦੀ ਯਾਤਰਾ, ਇਕ ਨਿਰਸਵਾਰਥ ਕਰਮ ਯੋਗੀ ਦਾ ਪ੍ਰਤੀਕ ਅਤੇ ਕਦਰਾਂ-ਕੀਮਤਾਂ ਦੇ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਰਿਹਾ ਹੈ।’
ਉਨ੍ਹਾਂ ਨੇ ਟਵੀਟ ਕੀਤਾ, ”ਜਦੋਂ ਮੈਂ ਉਨ੍ਹਾਂ ਦੇ 100ਵੇਂ ਜਨਮਦਿਨ ‘ਤੇ ਉਨ੍ਹਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਇਕ ਗੱਲ ਕਹੀ, ਜੋ ਹਮੇਸ਼ਾ ਯਾਦ ਰਹਿੰਦੀ ਹੈ ਕਿ ਕੰਮ ਕਰੋ ਬੁੱਧੀ ਨਾਲ ਅਤੇ ਜੀਵਨ ਜੀਓ ਸ਼ੁੱਧੀ ਨਾਲ।” ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਦੀ ਬੀਮਾਰੀ ਦੀ ਖ਼ਬਰ ਮਿਲਣ ਤੋਂ ਬਾਅਦ ਬੁੱਧਵਾਰ ਦੁਪਹਿਰ ਨੂੰ ਦਿੱਲੀ ਤੋਂ ਅਹਿਮਦਾਬਾਦ ਪਹੁੰਚੇ ਸਨ ਅਤੇ ਇੱਥੇ ਹਸਪਤਾਲ ‘ਚ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਸੀ। ਉਹ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਹਸਪਤਾਲ ਵਿੱਚ ਰੁਕੇ ਸਨ। ਉਨ੍ਹਾਂ ਸਿਵਲ ਹਸਪਤਾਲ ਦੇ ਕੰਪਲੈਕਸ ਵਿੱਚ ਸਥਿਤ ਸਰਕਾਰੀ ਸਹਾਇਤਾ ਪ੍ਰਾਪਤ ਆਟੋਨੋਮਸ ਮੈਡੀਕਲ ਸਹੂਲਤ ਦੇ ਡਾਕਟਰਾਂ ਨਾਲ ਵੀ ਮਾਂ ਦੀ ਸਿਹਤ ਸਬੰਧੀ ਗੱਲਬਾਤ ਕੀਤੀ ਸੀ। ਹੀਰਾਬੇਨ ਗਾਂਧੀਨਗਰ ਸ਼ਹਿਰ ਦੇ ਨੇੜੇ ਰਾਏਸਾਨ ਪਿੰਡ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਰਹਿੰਦੀ ਸੀ। ਉਨ੍ਹਾਂ ਨੂੰ ਹੀਰਾ ਬਾ ਵੀ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਜਦੋਂ ਵੀ ਗੁਜਰਾਤ ਜਾਂਦੇ ਸਨ ਤਾਂ ਉਹ ਰਾਏਸਨ ਜਾ ਕੇ ਆਪਣੀ ਮਾਂ ਨੂੰ ਜ਼ਰੂਰ ਮਿਲਦੇ ਸਨ। ਪੀਐਮ ਮੋਦੀ ਅਕਸਰ ਆਪਣੀ ਮਾਂ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ। ਮਾਂ ਦੀ ਤਬੀਅਤ ਖਰਾਬ ਹੋਣ ‘ਤੇ ਉਹ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੇ ਸਨ।