26 ਜੁਲਾਈ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਜਿਸ ਤੋਂ ਬਾਅਦ ਹੁਣ ਕੈਨੇਡਾ ਨੂੰ ਨਵਾਂ ਇਮੀਗ੍ਰੇਸ਼ਨ ਮੰਤਰੀ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ Marc Miller ਹੁਣ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਹੋਣਗੇ। ਆਪਣੇ ਰਾਜਨੀਤਿਕ ਕਰੀਅਰ ਤੋਂ ਪਹਿਲਾਂ, ਮੰਤਰੀ ਮਿਲਰ ਇੱਕ ਅਭਿਆਸੀ ਵਕੀਲ ਸੀ।
ਦਸ ਦਈਏ ਕਿ ਕੈਬਨਿਟ ਵਿਚ ਫੇਰਬਦਲ ਕਰਦਿਆਂ 7 ਨਵੇਂ ਚਿਹਰੇ ਲਏ ਹਨ ਅਤੇ 23 ਮੰਤਰੀਆਂ ਦੇ ਮਹਿਕਮੇ ਤਬਦੀਲ ਕੀਤੇ ਗਏ ਹਨ ਅਤੇ 7 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਹੈ। ਹੁਣ ਕੁੱਲ 38 ਮੈਂਬਰੀ ਕੈਬਨਿਟ ਵਿਚ ਔਰਤਾਂ ਅਤੇ ਮਰਦਾਂ ਦੀ ਬਰਾਬਰ ਗਿਣਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤੀ ਮੂਲ ਦੀ ਅਨੀਤਾ ਆਨੰਦ ਖਜ਼ਾਨਾ ਬੋਰਡ ਦੀ ਪ੍ਰਧਾਨ ਬਣਾਈ ਗਈ ਹੈ।
ਇਸ ਤੋਂ ਇਲਾਵਾ ਬਿਲ ਬਲੇਅਰ ਨੂੰ ਰਾਸ਼ਟਰੀ ਰੱਖਿਆ ਮੰਤਰੀ, ਡੋਮਿਨਿਕ ਲੇਬਲੈਂਕ ਨੂੰ ਜਨਤਕ ਸੁਰੱਖਿਆ, ਲੋਕਤੰਤਰੀ ਸੰਸਥਾਵਾਂ ਅਤੇ ਅੰਤਰ-ਸਰਕਾਰੀ ਮਾਮਲਿਆਂ ਦਾ ਮੰਤਰੀ ਅਤੇ ਸੀਨ ਫਰੇਜ਼ਰ ਨੂੰ ਹਾਊਸਿੰਗ, ਬੁਨਿਆਦੀ ਢਾਂਚਾ ਅਤੇ ਭਾਈਚਾਰਿਆਂ ਦੇ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਨਵੇਂ ਮੰਡਰੀ ਮੰਡਲ ਵਿਚ ਪੰਜਾਬੀ ਮੂਲ ਦੇ ਹਰਜੀਤ ਸਿੰਘ ਸੱਜਣ ਨੂੰ ਕੈਨੇਡਾ ਦੀ ਕਿੰਗਜ਼ ਪ੍ਰੀਵੀ ਕੌਂਸਲ ਦਾ ਪ੍ਰਧਾਨ ਅਤੇ ਐਮਰਜੈਂਸੀ ਤਿਆਰੀ ਬਾਰੇ ਅਤੇ ਕੈਨੇਡਾ ਦੀ ਪੈਸੀਫਿਕ ਆਰਥਿਕ ਵਿਕਾਸ ਮੰਤਰੀ ਨਿਯੁਕਤ ਕੀਤਾ ਗਿਆ। ਕਮਲ ਖਹਿਰਾ ਨੂੰ ਵਿਭਿੰਨਤਾ, ਸ਼ਮੂਲੀਅਤ ਅਤੇ ਅਪਾਹਜ ਵਿਅਕਤੀਆਂ ਦੇ ਮੰਤਰੀ ਬਣਾਇਆ ਗਿਆ ਹੈ। ਦੱਖਣੀ ਏਸ਼ੀਆਈ ਮੂਲ ਦੇ ਆਰਿਫ ਵਿਰਾਨੀ ਨੂੰ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਬਣਾਇਆ ਗਿਆ ਅਤੇ ਉਹ ਪਹਿਲੇ ਇਸਮਾਈਲੀ ਮੰਤਰੀ ਬਣੇ ਹਨ। ਇਸੇ ਤਰ੍ਹਾਂ ਸ਼੍ਰੀਲੰਕਾ ਮੂਲ ਦੇ ਗੈਰੀ ਆਨੰਦਸੰਗਰੀ ਕ੍ਰਾਊਨ ਇੰਡੀਜੀਨਸ ਰਿਲੇਸ਼ਨਜ਼ ਮੰਤਰੀ ਬਣੇ ਅਤੇ ਉਹ ਪਹਿਲੇ ਤਾਮਿਲ ਮੰਤਰੀ ਹਨ। ਮਾਰਕ ਮਿਲਰ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਦੇ ਨਵੇਂ ਮੰਤਰੀ ਹਨ।