ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਬਹੁ-ਭਾਸ਼ਾਈ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਬੋਰਡ ਦੁਆਰਾ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਹੁਣ CBSE, ਵਿਦਿਆਰਥੀਆਂ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਪੜਾਈ ਕਰਾਏਗਾ। ਜੀ ਹਾਂ, ਹੁਣ ਵਿਦਿਆਰਥੀ ਪੜ੍ਹਾਈ ਅਤੇ ਪ੍ਰੀਖਿਆਵਾਂ ਲਈ ਕਿਸੇ ਵੀ ਭਾਰਤੀ ਭਾਸ਼ਾ ਦੀ ਚੋਣ ਕਰ ਸਕਣਗੇ। ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ, ਬਹੁ-ਭਾਸ਼ਾਈ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਸਕੂਲਾਂ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ। ਸੀਬੀਐਸਈ ਨਾਲ ਸਬੰਧਤ ਸਕੂਲਾਂ ਵਿੱਚ ਹੁਣ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਖੇਤਰੀ ਅਤੇ ਮਾਤ ਭਾਸ਼ਾਵਾਂ ਵਿੱਚ ਪੜ੍ਹਾਉਣ ਦਾ ਵਿਕਲਪ ਹੋ ਸਕਦਾ ਹੈ। ਸੀਬੀਐਸਈ ਨੇ ਕਿਹਾ ਕਿ ਇਹ ਪਹਿਲਕਦਮੀ ਸਕੂਲਾਂ ਲਈ ਬਹੁ-ਭਾਸ਼ਾਈ ਸਿੱਖਿਆ ਦੀ ਨੀਂਹ ਨੂੰ ਹੋਰ ਮਜ਼ਬੂਤ ਕਰੇਗੀ। CBSE ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟਵੀਟ ਕੀਤਾ, “#3yearsofNEP #NEP2020 ਨੌਜਵਾਨ ਵਿਦਿਆਰਥੀਆਂ ਲਈ ਬਹੁਭਾਸ਼ਾਈ ਦੇ ਮਹੱਤਵ ‘ਤੇ ਜ਼ੋਰ ਦਿੰਦਾ ਹੈ। CBSE ਦੇ ਇਸ ਮਹੱਤਵਪੂਰਨ ਸਰਕੂਲਰ ਵਿਚ ਪ੍ਰਾਇਮਰੀ ਕਲਾਸਾਂ ਤੋਂ ਲੈ ਕੇ 12ਵੀਂ ਜਮਾਤ ਤੱਕ ਨਿਰਦੇਸ਼ਾਂ ਦੇ ਵਿਕਲਪਕ ਮਾਧਿਅਮ ਵਜੋਂ ਭਾਰਤੀ ਭਾਸ਼ਾਵਾਂ ਦੀ ਵਰਤੋਂ ਨੂੰ ਦੁਹਰਾਉਂਦਾ ਹੈ।”
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵੀਟ ਕਰਕੇ ਸੀਬੀਐਸਈ ਦੀ ਇਸ ਪਹਿਲਕਦਮੀ ਲਈ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ ਹੈ। ਸੀਬੀਐਸਈ ਦੇ ਡਾਇਰੈਕਟਰ ਡਾ: ਜੋਸਫ਼ ਇਮਾਨੁਲ ਨੇ ਸਕੂਲਾਂ ਨੂੰ ਇੱਕ ਸਰਕੂਲਰ ਜਾਰੀ ਕਰਦਿਆਂ ਕਿਹਾ ਕਿ ਬਹੁ-ਭਾਸ਼ਾਈ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਲਈ ਕੁਝ ਚੁਣੌਤੀਆਂ ਹੋ ਸਕਦੀਆਂ ਹਨ, ਪਰ ਅਣਥੱਕ ਕੋਸ਼ਿਸ਼ਾਂ ਨਾਲ ਇਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਚੁਣੀ ਗਈ ਭਾਸ਼ਾ ਵਿੱਚ ਪ੍ਰੀਖਿਆ ਦੀ ਤਿਆਰੀ ਕਰਨਾ ਆਸਾਨ ਹੋ ਜਾਵੇਗਾ।
ਬੋਰਡ ਵੱਲੋਂ ਜਾਰੀ ਸਰਕੂਲਰ ਅਨੁਸਾਰ ਸਿੱਖਿਆ ਮੰਤਰਾਲੇ ਨੇ NCERT ਵਿੱਚ ਸੂਚੀਬੱਧ 22 ਭਾਸ਼ਾਵਾਂ ਵਿੱਚ ਨਵੀਆਂ ਕਿਤਾਬਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਲਿਸਟ ਵਿੱਚ ਦਰਜ 22 ਭਾਸ਼ਾਵਾਂ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਜਲਦੀ ਤੋਂ ਜਲਦੀ ਉਪਲਬਧ ਕਰਵਾਈਆਂ ਜਾ ਸਕਣ। ਉਮੀਦ ਹੈ ਕਿ ਕਿਤਾਬਾਂ ਦੀ ਛਪਾਈ ਦਾ ਕੰਮ ਇੱਕ ਤੋਂ ਦੋ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ।