ISRO ਅੱਜ ਚੰਦਰਯਾਨ-3 ਮਿਸ਼ਨ ਲਾਂਚ ਕਰਨ ਜਾ ਰਿਹਾ ਹੈ। ਚੰਦਰਯਾਨ-3 ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਨੂੰ ਅੱਜ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ। ਜਿਵੇਂ ਹੀ ਚੰਦਰਯਾਨ-3 ਚੰਦਰਮਾ ‘ਤੇ ਉਤਰੇਗਾ, ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।
ਚੰਦਰਯਾਨ-3 ਦੇ ਲਾਂਚਿੰਗ ਤੋਂ ਪਹਿਲਾਂ ਚੰਦਰਮਾ ਲੈਂਡਰ ਵਿਕਰਮ ਨੂੰ ਜੀਐਸਐਲਵੀ ਮਾਰਕ 3 ਹੈਵੀ ਲਿਫਟ ਲਾਂਚ ਵਹੀਕਲ ‘ਤੇ ਰੱਖਿਆ ਜਾਵੇਗਾ, ਜਿਸ ਨੂੰ ਬਾਹੂਬਲੀ ਰਾਕੇਟ ਕਿਹਾ ਜਾਂਦਾ ਹੈ। ਇਸ ਨੂੰ ਲਾਂਚ ਵਹੀਕਲ ਮਾਰਕ 3 (LM-3) ਦਾ ਨਾਂ ਦਿੱਤਾ ਗਿਆ ਹੈ। GSLV 43.5 ਮੀਟਰ ਉੱਚਾ ਹੈ। ਯਾਨੀ ਇਸ ਦੀ ਉਚਾਈ ਦਿੱਲੀ ਸਥਿਤ ਕੁਤੁਬ ਮੀਨਾਰ ਤੋਂ ਵੀ ਜ਼ਿਆਦਾ ਹੈ। ਚੰਦਰਯਾਨ-3 ਲਾਂਚਿੰਗ ਹੋਣ ਦੇ 40 ਦਿਨ ਬਾਅਦ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ। ਦਸ ਦਈਏ ਕਿ 2019 ‘ਚ ਕੁਝ ਤਕਨੀਕੀ ਖਰਾਬੀ ਕਾਰਨ ਚੰਦਰਯਾਨ-2 ਚੰਦਰਮਾ ਦੀ ਸਤ੍ਹਾ ‘ਤੇ ਨਹੀਂ ਉਤਰ ਸਕਿਆ। ਪਰ ਇਸ ਵਾਰ ਚੰਦਰਯਾਨ-3 ਦੀ ਸਫਲਤਾ ਨੂੰ ਲੈ ਕੇ ISRO ਨੂੰ ਪੂਰਾ ਭਰੋਸਾ ਹੈ।
ISRO ਦੇ ਸਾਬਕਾ ਮੁਖੀ ਕੇ.ਸਿਵਨ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਹੈ ਕਿ ਪਿਛਲੇ ਮਿਸ਼ਨ ‘ਚ ਕੀ ਸਮੱਸਿਆ ਸੀ। ਅਸੀਂ ਇਸ ਵਾਰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਛੱਡੀ ਗਈ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ ‘ਤੇ ਸਮੇਂ ਸਿਰ ਉਤਾਰਨ ਦੇ ਯੋਗ ਹੋਵਾਂਗੇ। ਪਹਿਲੀ ਵਾਰ ਭਾਰਤ ਦਾ ਚੰਦਰਯਾਨ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰੇਗਾ, ਜਿੱਥੇ ਪਾਣੀ ਦੇ ਨਿਸ਼ਾਨ ਮਿਲੇ ਹਨ। 2008 ਵਿੱਚ ਭਾਰਤ ਦੇ ਪਹਿਲੇ ਚੰਦਰਮਾ ਮਿਸ਼ਨ ਦੌਰਾਨ ਹੋਈ ਖੋਜ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ।
ਵਿਕਰਮ ਦਾ ਮਕਸਦ ਸੁਰੱਖਿਅਤ, ਨਰਮ ਲੈਂਡਿੰਗ ਕਰਨਾ ਹੈ। ਇਸ ਤੋਂ ਬਾਅਦ, ਲੈਂਡਰ ਰੋਵਰ ਪ੍ਰਗਿਆਨ ਨੂੰ ਛੱਡੇਗਾ, ਜੋ ਚੰਦਰਮਾ ਦੀ ਸਤ੍ਹਾ ‘ਤੇ ਇਕ ਚੰਦਰ ਦਿਨ (14 ਧਰਤੀ ਦਿਨਾਂ ਦੇ ਬਰਾਬਰ) ਲਈ ਘੁੰਮੇਗਾ ਅਤੇ ਵਿਗਿਆਨਕ ਪ੍ਰਯੋਗ ਵੀ ਕਰੇਗਾ। ਇਸ ਮਿਸ਼ਨ ਦੇ ਤਹਿਤ, ਵਿਗਿਆਨੀਆਂ ਤੋਂ ਚੰਦਰ ਦੀ ਮਿੱਟੀ ਦਾ ਵਿਸ਼ਲੇਸ਼ਣ ਕਰਨ, ਚੰਦਰਮਾ ਦੀ ਸਤ੍ਹਾ ਦੇ ਆਲੇ-ਦੁਆਲੇ ਘੁੰਮਣ ਅਤੇ ਚੰਦਰਮਾ ਨਾਲ ਸਬੰਧਤ ਕੁਝ ਮਹੱਤਵਪੂਰਨ ਜਾਣਕਾਰੀਆਂ ਦਾ ਪਤਾ ਲਗਾਉਣ ਦੀ ਉਮੀਦ ਹੈ।
ISRO ਦਾ ਕਹਿਣਾ ਹੈ ਕਿ ਪਿਛਲੇ ਚੰਦਰਮਾ ਮਿਸ਼ਨ ਦੌਰਾਨ ਹੋਈ ਗਲਤੀ ਤੋਂ ਸਿੱਖਦੇ ਹੋਏ ਅਸੀਂ ਲੈਂਡਰ ‘ਤੇ ਇੰਜਣਾਂ ਦੀ ਗਿਣਤੀ ਪੰਜ ਤੋਂ ਘਟਾ ਕੇ ਚਾਰ ਕਰ ਦਿੱਤੀ ਹੈ ਅਤੇ ਸਾਫਟਵੇਅਰ ਨੂੰ ਵੀ ਅਪਡੇਟ ਕਰ ਦਿੱਤਾ ਹੈ। ਹਰ ਚੀਜ਼ ਦੀ ਸਹੀ ਤਰ੍ਹਾਂ ਜਾਂਚ ਕੀਤੀ ਗਈ ਹੈ। ISRO ਦੇ ਸਾਬਕਾ ਮੁਖੀ ਕੇ ਸਿਵਨ ਨੇ ਕਿਹਾ ਕਿ ਇਸ ਵਾਰ ਸਾਨੂੰ ਉਮੀਦ ਹੈ ਕਿ ਅਸੀਂ ਚੰਦਰਯਾਨ-2 ਤੋਂ ਸਬਕ ਲੈ ਕੇ ਕਈ ਛੋਟੀਆਂ-ਵੱਡੀਆਂ ਕਮੀਆਂ ਨੂੰ ਦੂਰ ਕਰ ਲਿਆ ਹੈ। ਇਸ ਲਈ ਸਾਨੂੰ ਵਿਸ਼ਵਾਸ ਹੈ ਕਿ ਇਸ ਵਾਰ ਅਸੀਂ ਚੰਦਰਮਾ ਦੀ ਸਤ੍ਹਾ ‘ਤੇ ਸਫਲਤਾਪੂਰਵਕ ਉਤਰਾਂਗੇ। ਤੁਹਾਨੂੰ ਦੱਸ ਦੇਈਏ ਕਿ ਚੰਦਰਯਾਨ-1 ਚੰਦਰਮਾ ਲਈ ਭਾਰਤ ਦਾ ਪਹਿਲਾ ਮਿਸ਼ਨ ਸੀ, ਜੋ ਅਕਤੂਬਰ 2008 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਅਗਸਤ 2009 ਤੱਕ ਜਾਰੀ ਰਿਹਾ। ਜਦੋਂ ਕਿ 2019 ਵਿੱਚ, ਚੰਦਰਯਾਨ-2 ਦਾ ਲੈਂਡਰ ਯੋਜਨਾਬੱਧ ਟ੍ਰੈਜੈਕਟਰੀ ਤੋਂ ਭਟਕ ਗਿਆ ਅਤੇ ਉਸਨੂੰ ਹੈਂਡ ਲੈਂਡਿੰਗ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਆਰਬਿਟਰ ਅਜੇ ਵੀ ਚੰਦਰਮਾ ‘ਤੇ ਚੱਕਰ ਲਗਾ ਰਿਹਾ ਹੈ ਅਤੇ ਡੇਟਾ ਭੇਜ ਰਿਹਾ ਹੈ।