ਚੰਡੀਗੜ੍ਹ ‘ਚ ਤਾਇਨਾਤ ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਨੂੰ ਹਟਾਏ ਜਾਣ ਦੇ ਮਾਮਲੇ ‘ਤੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇਸ ਮੁੱਦੇ ਨੂੰ ਲੈਕੇ ਜਿਥੇ ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਸੀ ਉਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕੱਸਿਆ ਹੈ। ਮੁੱਖ ਮੰਤਰੀ ਮਾਨ ਦੀ ਚਿੱਠੀ ਦਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਦਿੱਤੇ ਜਵਾਬ ਨੂੰ ਲੈ ਕੇ ਸੁਖਬੀਰ ਬਾਦਲ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਸੀ. ਐੱਮ. ਦਾ ਮਤਲਬ ਚੀਫ਼ ਮਨਿਸਟਰ (ਮੁੱਖ ਮੰਤਰੀ) ਹੁੰਦਾ ਹੈ ਨਾ ਕਿ ਕਾਮੇਡੀ ਮੈਨ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਨੂੰ ਸਮਝਣ ਦੀ ਅਪੀਲ ਕੀਤੀ ਹੈ। ਆਪਣੇ ਟਵੀਟ ਦੇ ਨਾਲ ਹੀ ਉਨ੍ਹਾਂ ਨੇ ਰਾਜਪਾਲ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਜਵਾਬ ਦਾ ਵੇਰਵਾ ਵੀ ਦਿੱਤਾ ਹੈ, ਜਿਸ ‘ਚ ਰਾਜਪਾਲ ਨੇ ਮੁੱਖ ਮੰਤਰੀ ਨੂੰ ਜਵਾਬੀ ਪੱਤਰ ‘ਚ ਲਿਖਿਆ ਹੈ ਕਿ ਤੁਹਾਡੇ ਪੱਤਰ ਦੇ ਅੰਸ਼ ਦਰਸਾਉਂਦੇ ਹਨ ਕਿ ਪੱਤਰ ਲਿਖਣ ਅਤੇ ਭੇਜਣ ਸਮੇਂ ਸਹੀ ਤੱਥਾਂ ਦਾ ਪਤਾ ਲਗਾਉਣ ਲਈ ਸਾਵਧਾਨੀ ਨਹੀਂ ਰੱਖੀ ਗਈ।
ਜੇ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਤਾਂ ਇਸ ਤਰ੍ਹਾਂ ਦੀ ਚਿੱਠੀ ਪਹਿਲੀ ਵਾਰ ਵਿਚ ਨਹੀਂ ਲਿਖੀ ਜਾ ਸਕਦੀ ਸੀ। ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਐੱਸ. ਐੱਸ. ਪੀ. ਨੂੰ ਹਟਾਏ ਜਾਣ ਤੋਂ ਨਾਰਾਜ਼ ਮੁੱਖ ਮੰਤਰੀ ਮਾਨ ਵੱਲੋਂ ਰਾਜਪਾਲ ਨੂੰ ਚਿੱਠੀ ਲਿਖੀ ਗਈ ਸੀ ਕਿ ਬਿਨਾਂ ਦੱਸੇ ਪੰਜਾਬ ਕੈਡਰ ਦੇ ਐੱਸ. ਐੱਸ. ਪੀ. ਨੂੰ ਕਿਉਂ ਹਟਾਇਆ ਗਿਆ ਹੈ।