ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਚ ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਕੀਤੀ ਗਈ ਹੈ। ਮੀਟਿੰਗ ਵਿਚ ਪਾਣੀ ਉੱਪਰ ਸੈੱਸ ਲਾਉਣ ਸਣੇ ਕਈ ਹੋਰ ਅਹਿਮ ਮੁੱਦਿਆ ਨੂੰ ਲੈਕੇ ਚਰਚਾ ਕੀਤੀ ਗਈ। ਇਸ ਤੋਂ ਮੀਡੀਆ ਤੋਂ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਦਾ ਆਪਸ ਵਿਚ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਇਹ ਰਿਸ਼ਤਾ ਕਾਇਮ ਰਹੇਗਾ। ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਹਰ 10 ਦਿਨਾਂ ਬਾਅਦ ਚੀਫ਼ ਸੈਕਟਰੀਆਂ, ਸੈਕਟਰੀਆਂ ਦੀ ਆਪਸ ਵਿਚ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਸ਼ਿਕਾਇਤਾਂ ਸੁਣਨ ਦੇ ਨਾਲ-ਨਾਲ ਸੁਝਾਅ ਵੀ ਦਿੱਤੇ ਜਾਣਗੇ ਅਤੇ ਸ਼ਿਕਾਇਤਾਂ ਨੂੰ ਦੂਰ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੈਰ-ਸਪਾਟੇ ‘ਤੇ ਆਪਸ ਵਿਚ ਮਿਲ ਕੇ ਕੰਮ ਕੀਤਾ ਜਾਵੇਗਾ।
ਉਥੇ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਇਕ ਗਲਿਤੀ ਫਹਿਮੀ ਹੋ ਗਈ ਸੀ ਕਿ ਵਾਟਰ ਸੈੱਸ ਲਗਾਇਆ ਗਿਆ ਹੈ, ਜਿਸ ਨੂੰ ਲੈ ਕੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਵਾਟਰ ‘ਤੇ ਕੋਈ ਵੀ ਸੈੱਸ ਨਹੀਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਲੱਗੇ ਹਾਈਡਰੋ ਪ੍ਰਾਜੈਕਟ ‘ਤੇ ਸਿਰਫ਼ ਵਾਟਰ ਸੈੱਸ ਲਗਾਇਆ ਗਿਆ ਹੈ। ਅਜਿਹੀ ਕੋਈ ਗੱਲ ਨਹੀਂ ਹੈ ਕਿ ਵਾਟਰ ‘ਤੇ ਸੈੱਸ ਲਗਾਇਆ ਗਿਆ ਹੈ। ਹਾਈਡਰੋ ਪ੍ਰਾਜੈਕਟ ‘ਤੇ ਲਗਾਏ ਗਏ ਇਸ ਸੈੱਸ ਨਾਲ ਪੰਜਾਬ ਅਤੇ ਹਰਿਆਣਾ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਛੋਟਾ ਭਰਾ ਅਤੇ ਹਿਮਾਚਲ ਵੱਡਾ ਭਰਾ ਹੈ, ਭਰਾਵਾਂ ਵਿਚ ਆਪਸ ਵਿਚ ਪਿਆਰ ਹੁੰਦਾ ਹੈ। ਇਸ ਦੌਰਾਨ ਸੁੱਖੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਿਮਾਚਲ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ।