ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਰਿਹਾਇਸ਼ ਤੋਂ ਕੁਝ ਦੂਰੀ ਦੀਆਂ ਹਨ ਜਿਥੇ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਧੱਕਾ-ਮੁੱਕੀ ਹੋ ਗਈ। ਦਰਅਸਲ, ਮਾਮਲਾ ਕੁਝ ਇਸ ਤਰੀਕੇ ਦਾ ਹੈ ਕਿ ਪੱਕੇ ਹੋਣ ਲਈ ਇਹਨਾਂ ਕੱਚੇ ਅਤੇ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਲਗਾਤਾਰ ਪੱਕੇ ਹੋਣ ਦੀ ਮੰਗ ਨੂੰ ਲੈਕੇ ਆਈ ਹਰ ਸਰਕਾਰ ਖਿਲਾਫ਼ ਧਰਨਾ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਕੋਈ ਸਰਕਾਰ ਇਹਨਾਂ ਦੀ ਸਾਰ ਨਹੀਂ ਲੈ ਰਹੀ।
ਹੁਣ ‘ਆਪ’ ਦੀ ਸਰਕਾਰ ਆਉਣ ‘ਤੇ ਇਹਨਾਂ ਅਧਿਆਪਕਾਂ ਨੂੰ ਪੱਕੇ ਹੋਣ ਦਾ ਭਰੋਸਾ ਤਾਂ ਦਿੱਤਾ ਗਿਆ ਪਰ ਹਾਲੇ ਤੱਕ ਇਹ ਭਰੋਸਾ ਮਾਨ ਸਰਕਾਰ ਪੂਰਾ ਨਹੀਂ ਕਰ ਪਾਈ ਜਿਸ ਤੋਂ ਬਾਅਦ ਇਹਨਾਂ ਬੇਰੁਜ਼ਗਾਰ ਅਧਿਆਪਕ ਵਲੋਂ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਵੱਲ ਕੂਚ ਕਰਨ ਫੈਸਲਾ ਕੀਤਾ ਗਿਆ। ਅੱਜ ਬੇਰੁਜ਼ਗਾਰ ਅਧਿਆਪਕ ਵੇਕਰਾ ਮਿਲਕ ਪਲਾਂਟ ਦੇ ਕੋਲ ਇਕੱਠੇ ਹੋਏ ਜਿਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਦੇ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ ਤੱਕ ਮਾਰਚ ਕੀਤਾ ਤੇ ਪੁਲਿਸ ਵਲੋਂ ਭਾਰੀ ਫੋਰਸ ਲਗਾ ਕੇ ਬੇਰੁਜਗਾਰਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਤੇ ਜਦੋਂ ਬੇਰੁਜ਼ਗਾਰ ਅਧਿਆਪਕ ਅੱਗੇ ਵੱਧਣ ਲੱਗੇ ਤਾਂ ਪੁਲਿਸ ਦੀ ਬੇਰੁਜ਼ਗਾਰ ਅਧਿਆਪਕਾਂ ਨਾਲ ਝੜਪ ਹੋ ਗਈ।
ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਚੇਤਾਵਨੀ ਜਾਰੀ ਕਰਦਿਆਂ ਇਹ ਆਖ ਦਿੱਤਾ ਹੈ ਕਿ ਜੇਕਰ ਹਾਲੇ ਵੀ ਕੋਈ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਸਮੇਂ ‘ਚ ਹੋਰ ਨਵੀਂ ਰਣਨੀਤੀ ਬਣਾਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਨਾਲ ਹੀ ਉਹਨਾਂ ਕਿਹਾ ਕਿ ਅਸੀ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਪਰ ਸਾਡੇ ਇਕ ਵੀ ਮੰਗ ਮੰਨੀ ਨਹੀਂ ਜਾ ਰਹੀ ਹੈ। ਜਿਸ ਕਾਰਨ ਸੰਬੰਧਿਤ ਬੇਰੁਜ਼ਗਾਰ ਅਧਿਆਪਕਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ।