ਫਾਜ਼ਿਲਕਾ ਦੌਰੇ ‘ਤੇ ਪਹੁੰਚੇ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਨੇ ਜਿੱਥੇ ਉਨ੍ਹਾਂ ਵੱਲੋਂ ਅਬੋਹਰ ਦੀ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਸਾਲ 2020 ਵਿਚ ਖ਼ਰਾਬ ਫਸਲਾਂ ਦੇ ਮੁਆਵਜ਼ੇ ਦੇ ਚੈੱਕ ਵੰਡੇ ਗਏ।ਆਪਣੇ ਸੰਬੋਧਨ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਖ਼ੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਵਾਂ ਨੇ ਅਧਿਆਪਕਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਨੂੰ ਲੈ ਕੇ ਐਲਾਨ ਕਰਦੇ ਹੋਏ ਕਿਹਾ ਕਿ ਸਭ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਥੋੜ੍ਹਾ ਸਮਾਂ ਦਿੱਤਾ ਜਾਵੇ। ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨੇ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਸੀ ਸਗੋਂ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਕੋਲ ਖ਼ਜ਼ਾਨਾ ਸੀ। ਕਿਸੇ ਨੇ ਮਹਿਲ ਪਾ ਲਏ ਤਾਂ ਕਿਸੇ ਨੇ ਬੱਸਾਂ ਪਾ ਲਈਆਂ ਪਰ ਲੋਕਾਂ ਦੇ ਕੰਮਾਂ ਵੱਲ ਧਿਆਨ ਹੀ ਨਹੀਂ ਦਿੱਤਾ।
ਮਨਪ੍ਰੀਤ ਸਿੰਘ ਬਾਦਲ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਭ੍ਰਿਸ਼ਟ ਲੀਡਰਾਂ ‘ਤੇ ਚੱਲ ਰਹੇ ਆਰੇ ਦੇ ਡਰੋਂ ਬਹੁਤ ਸਾਰੇ ਲੀਡਰ ਅਜਿਹੇ ਹਨ, ਜੋ ਭਾਜਪਾ ਵੱਲ ਜਾ ਰਹੇ ਹਨ ਪਰ ਆਰਾ ਤਾਂ ਸਭ ‘ਤੇ ਚੱਲੇਗਾ। ਅੱਗੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵਿਜੀਲੈਂਸ ਦੀ ਰਿਪੋਰਟ ਬਣਦੀ ਹੈ ਤਾਂ ਮੈਂ ਬਰੈਕਟ ਵਿਚ ਇਹ ਨਹੀਂ ਵੇਖਦਾ ਕਿ ਕਿਹੜੀ ਪਾਰਟੀ ਦਾ ਲੀਡਰ ਹੈ। ਆਰਾ ਸਭ ‘ਤੇ ਹੀ ਚੱਲੇਗਾ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਲੀਡਰ ਹੋਵੇ। ਭਾਜਪਾ ਵਿਚ ਜਾਣ ਦਾ ਇਹ ਮਤਲਬ ਨਹੀਂ ਕਿ ਉਹ ਬੱਚ ਜਾਣਗੇ। ਆਰਾ ਸਭ ‘ਤੇ ਚੱਲੇਗਾ। ਹੁਣ ਪੰਜਾਬ ਦਾ ਲੁਟਿਆ ਇਕ-ਇਕ ਪੈਸਾ ਵਾਪਸ ਲੈ ਕੇ ਆਵਾਂਗੇ ਅਤੇ ਖ਼ਜ਼ਾਨਾ ਭਰਾਂਗੇ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟ ਲੀਡਰਾਂ ਤੋਂ ਜ਼ਮੀਨਾਂ ਛੁਡਵਾ ਕੇ ਕਈ ਭ੍ਰਿਸ਼ਟ ਲੀਡਰ ਫੜੇ ਹਨ। ਪਰਮਾਤਮਾ ਅਤੇ ਪੰਜਾਬ ਦੀ ਜਨਤਾ ਨੇ ਮੈਨੂੰ ਬਹੁਤ ਔਖਾ ਕੰਮ ਦਿੱਤਾ ਹੈ। ਪਿਛਲੀਆਂ ਸਰਕਾਰਾਂ ‘ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਮੈਂ ਕੋਈ ਬੱਸਾਂ ਦੀ ਕੰਪਨੀ ਵਿਚ ਹਿੱਸਾ ਨਹੀਂ ਪਾਉਣਾ, ਮੈਂ ਕਿਸੇ ਰੇਤੇ ਵਾਲੀਆਂ ਖੱਡਾਂ ਵਿਚ ਹਿੱਸਾ ਨਹੀਂ ਪਾਉਣਾ ਅਤੇ ਨਾ ਹੀ ਕਿਸੇ ਸ਼ਰਾਬ ਦੇ ਠੇਕੇ ਵਿਚ ਹਿੱਸਾ ਪਾਉਣਾ ਹੈ। ਮੈਂ ਸਿਰਫ਼ ਪੰਜਾਬ ਦੇ ਤਿੰਨ ਕਰੋੜ ਦੇ ਲੋਕਾਂ ਦੇ ਦੁੱਖ਼ਾਂ ਵਿਚ ਹਿੱਸਾ ਪਾਉਣਾ ਹੈ। ਮੈਂ ਤਾਂ ਹੁਣ ਇਸੇ ਕੰਮ ‘ਤੇ ਹਾਂ। ਪੰਜਾਬ ਦਾ ਲੁੱਟਿਆ ਇਕ-ਇਕ ਪੈਸਾ ਪਿਛਲੀਆਂ ਸਰਕਾਰਾਂ ਦੇ ਲੀਡਰਾਂ ‘ਚੋਂ ਕੱਢਾਂਗੇ। ਉਨ੍ਹਾਂ ਕਿਹਾ ਕਿ ਬਾਦਲ, ਬਿਕਰਮ ਸਿੰਘ ਮਜੀਠੀਆ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਰਗਿਆਂ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਹੈ। ਪਿਛਲੀਆਂ ਸਰਕਾਰਾਂ ਨੂੰ ਤਾਂ ਇਹੀ ਸਾੜਾ ਹੈ ਕਿ ਇਹ ਵੱਡੀਆਂ ਕੁਰਸੀਆਂ ‘ਤੇ ਕਿਵੇਂ ਬੈਠ ਗਏ। ਗੈਂਗਸਟਰਾਂ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ 10 ਮਹੀਨਿਆਂ ਵਿਚ ਗੈਂਗਸਟਰ ਪੈਦਾ ਨਹੀਂ ਕੀਤੇ ਸਗੋਂ ਪਿਛਲੀਆਂ ਸਰਕਾਰਾਂ ਨੇ ਹੀ ਗੈਂਗਸਟਰ ਪੈਦਾ ਕੀਤੇ ਹਨ। ਪਿਛਲੀਆਂ ਸਰਕਾਰਾਂ ਗੈਂਗਸਟਰਾਂ ਨੂੰ ਵੱਖ-ਵੱਖ ਅਹੁਦੇ ਦਿੰਦੀਆਂ ਰਹੀਆਂ ਹਨ। ਅਸੀਂ ਤਾਂ ਗੈਂਗਸਟਰਾਂ ਨੂੰ ਫੜ ਰਹੇ ਹਾਂ।
ਧਰਨਿਆਂ ‘ਤੇ ਬੈਠੇ ਪੀ.ਟੀ.ਆਈ. ਅਧਿਆਪਕਾਂ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਸਾਰਿਆਂ ਨੂੰ ਸ਼ਾਂਤੀਪੂਰਨ ਧਰਨੇ ਕਰਨ ਦਾ ਅਧਿਕਾਰ ਹੈ। ਟੰਕੀ ‘ਤੇ ਚੜ੍ਹਨ ਨਾਲ ਮਸਲੇ ਹੱਲ ਨਹੀਂ ਹੁੰਦੇ। ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਸਰਕਾਰ ਨੂੰ ਥੋੜ੍ਹਾ ਸਮਾਂ ਤਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਜੇ ਤਾਂ ਅਸੀਂ ਪਿਛਲੀਆਂ ਸਰਕਾਰਾਂ ਵੱਲੋਂ ਬੀਜੇ ਗਏ ਕੰਡਿਆਂ ਨੂੰ ਹੀ ਚੁੱਗ ਰਹੇ ਹਾਂ। ਕਾਨੂੰਨੀ ਅੜਚਨਾਂ ਖ਼ਤਮ ਕਰ ਰਹੇ ਹਾਂ। ਹੁਣ ਤੱਕ 25 ਹਜ਼ਾਰ 886 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸਾਰਿਆਂ ਨੂੰ ਹੀ ਹੌਲੀ-ਹੌਲੀ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਥੋੜ੍ਹਾ ਸਮਾਂ ਦਿੱਤਾ ਜਾਵੇ। ਨੌਜਵਾਨਾਂ ਵੱਲੋਂ ਵਿਦੇਸ਼ਾਂ ਵੱਲ ਕੀਤੇ ਜਾ ਰਹੇ ਰੁਖਾਂ ਨੂੰ ਲੈ ਕੇ ਉਨ੍ਹਾਂ ਕਿਹਾ ਹੈ ਕਿ ਅਮਰੀਕਾ-ਕੈਨੇਡਾ ਬਾਰੇ ਸੋਚਣ ਦੀ ਲੋੜ ਨਹੀਂ, ਪੰਜਾਬ ‘ਚ ਹੀ ਇੰਡਸਟਰੀ ਆਵੇਗੀ। ਇਥੇ ਰਹਿ ਕੇ ਕਿਰਤ ਕਰੋ ਅਤੇ ਆਪਣੇ ਪਰਿਵਾਰ ‘ਚ ਰਹਿ ਕੇ ਰੋਟੀ ਖਾਓ।