ਸਿੱਖਿਆ ਵਿਭਾਗ ਨੂੰ ਉੱਚਾ ਚੁੱਕਣ ਲਈ ਵੱਡਾ ਕਦਮ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ‘ਚ ਬਣਾਏ ਜਾ ਰਹੇ ਪਹਿਲੇ ‘ਸਕੂਲ ਆਫ ਐਮੀਨੈਂਸ’ ਦਾ ਮੋਹਾਲੀ ਵਿਖੇ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਅੱਜ ਸਿੱਖਿਆ ਦੇ ਖੇਤਰ ‘ਚ ਪੰਜਾਬ ਲਈ ਇਕ ਇਤਿਹਾਸਕ ਦਿਨ ਹੈ ਅਤੇ ਅੱਜ ਪੰਜਾਬ ਦੇ 117 ‘ਚੋਂ ਪਹਿਲੇ ‘ਸਕੂਲ ਆਫ ਐਮੀਨੈਂਸ’ ਦਾ ਉਦਘਾਟਨ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਹੈ ਅਤੇ ਅੱਜ ਅਸੀਂ ਉਹ ਕੰਮ ਸ਼ੁਰੂ ਕਰਨ ਲੱਗੇ ਹਾਂ, ਜੋ ਪਹਿਲਾਂ ਕਾਗਜ਼ਾਂ ਜਾਂ ਸੁਫ਼ਨਿਆਂ ‘ਚ ਹੀ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਹਰ ਬੱਚੇ ਨੂੰ ਆਪਣਾ ਸੁਫ਼ਨਾ ਪੂਰਾ ਕਰਨ ਦਾ ਮੌਕਾ ਮਿਲੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਨਾਂ ਸ਼ਹੀਦਾਂ ਦੇ ਨਾਂ ‘ਤੇ ਰੱਖੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਅਤੇ ਬੱਚਿਆਂ ਦਾ ਕਾਫ਼ੀ ਟੈਲੈਂਟ ਆਰਥਿਕ ਤੰਗੀ ਕਾਰਨ ਰਹਿ ਜਾਂਦਾ ਹੈ ਪਰ ਟੈਲੈਂਟ ਅਮੀਰੀ ਅਤੇ ਗਰੀਬੀ ਨਹੀਂ ਦੇਖਦਾ। ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਫ਼ਨਾ ਸਾਨੂੰ ਸੌਣ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਕਈ ਪਰਿਵਾਰ ਆਪਣੀਆਂ ਧੀਆਂ ਨੂੰ ਇਸ ਲਈ ਪੜ੍ਹਾਈ ਤੋਂ ਹਟਾ ਲੈਂਦੇ ਹਨ ਕਿ ਅਗਲੇ ਸਕੂਲਾਂ ‘ਚ ਜਾਣ ਵਾਸਤੇ ਸਾਧਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਧੀਆਂ ਨੂੰ ਜੇਕਰ ਮੌਕਾ ਮਿਲੇ ਤਾਂ ਉਹ ਵੀ ਬਹੁਤ ਅੱਗੇ ਜਾ ਸਕਦੀਆਂ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਿੱਲੀ ‘ਚ ‘ਸਕੂਲ ਆਫ ਐਮੀਨੈਂਸ’ ਬਹੁਤ ਕਾਮਯਾਬ ਹਨ ਤਾਂ ਹੀ ਇਸ ਨੂੰ ਪੰਜਾਬ ‘ਚ ਲਿਆਂਦਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਧੀਆਂ ਨੂੰ ਲੈ ਕੇ ਇਕ ਬਹੁਤ ਕਵਿਤਾ ਵੀ ਸੁਣਾਈ, ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ‘ਚ ਪੜ੍ਹ ਕੇ ਵੀ ਅਫ਼ਸਰ ਬਣਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਦਾ ਸਤਿਕਾਰ ਵੀ ਬੇਹੱਦ ਜ਼ਰੂਰੀ ਹੈ।