ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਲੱਗਿਆ ਕੌਮੀ ਇਨਸਾਫ਼ ਮੋਰਚੇ ਨੂੰ ਲਗਭਗ ਇਕ ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਸਰਕਾਰਾਂ ਕੋਈ ਬਾਂਹ ਨਹੀਂ ਫੜ੍ਹ ਰਹੀਆਂ। ਜਿਸ ਤੋਂ ਬਾਅਦ ਬੀਤੇ ਦਿਨ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਸੀ, ਪਰ ਚੰਡੀਗੜ੍ਹ ਪੁਲਿਸ ਵੱਲੋਂ ਇਨਸਾਫ਼ ਮੋਰਚਾ ਦੇ ਆਗੂਆਂ ਨੂੰ ਚੰਡੀਗੜ੍ਹ ਬਾਰਡਰ ‘ਤੇ ਹੀ ਰੋਕ ਦਿਤਾ ਸੀ ਅਤੇ ਲਗਭਗ 31 ਦੇ ਕਰੀਬ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਸੀ ਪਰ ਦੇਰ ਸ਼ਾਮ ਰਿਹਾਅ ਕਰ ਦਿੱਤਾ ਸੀ।
ਇਸੇ ਦਰਮਿਆਨ ਅੱਜ ਇਕ ਵਾਰ ਫ਼ੇਰ ਸਿੱਖ ਜਥੇਬੰਦੀਆਂ ਦੂਜੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਨੂੰ ਰਵਾਨਾ ਹੋਈਆਂ ਪਰ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਬਾਰਡਰ ‘ਤੇ ਹੀ ਰੋਕ ਲਿਆ ਗਿਆ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਪੰਜ ਮੈਂਬਰਾਂ ਤੋਂ ਵੱਧ ਲੋਕ ਅੱਗੇ ਨਹੀਂ ਜਾ ਸਕਦੇ। ਇਸ ਲਈ ਪ੍ਰਦਰਸ਼ਨਕਾਰੀਆਂ ਨੇ ਫ਼ੈਸਲਾ ਕੀਤਾ ਕਿ ਪੰਜ ਮੈਂਬਰੀ ਜਥੇ ਅੱਗੇ ਜਾਣਗੇ ਤੇ CM ਦੀ ਰਿਹਾਇਸ਼ ਅੱਗੇ ਜਾਪ ਕਰਨਗੀਆ। ਜਦੋਂ ਇਹ ਜਥਾ ਵਾਪਸ ਆਵੇਗਾ ਫਿਰ ਅਗਲਾ ਜੱਥਾ CM ਦੀ ਰਿਹਾਇਸ਼ ਵੱਲ ਰਵਾਨਾ ਹੋਵੇਗਾ।
ਦਸਣਯੋਗ ਹੈ ਕਿ ਇਸ ਮੋਰਚੇ ਦੀਆਂ ਚਾਰ ਮੁੱਖ ਮੰਗਾਂ ਹਨ ਜਿਸ ਵਿਚ ਪਹਿਲੀ ਮੰਗ ਬੰਦੀ ਸਿੰਘਾਂ ਦੀ ਰਿਹਾਈ ਕਰਨਾ ਹੈ, ਦੂਜੀ ਮੰਗ ਗੋਲੀ ਕਾਂਡ-ਬੇਅਦਬੀ ਵਿਚ ਇਨਸਾਫ਼ ਦੇਣਾ ਹੈ, ਤੀਜੀ ਮੰਗ ਸਖ਼ਤ ਕਾਨੂੰਨ ਬਣਾਉਣ ਦੀ ਮੰਗ, ਜਿਸ ‘ਚ ਉਮਰ ਕੈਦ ਦੀ ਸਜ਼ਾ ਸ਼ਾਮਲ ਹੋਵੇ, ਅਤੇ ਚੌਥੀ ਮੰਗ 328 ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਣ ਦੀ ਜਾਂਚ ਅਤੇ ਕਾਰਵਾਈ ਕੀਤੀ ਜਾਵੇ।