ਖਤਰਨਾਕ ਚਾਈਨਾ ਡੋਰ ਕਾਰਨ ਵਾਪਰ ਰਹੇ ਹਾਦਸੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਹਨਾਂ ਹਾਸਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ DGP ਗੌਰਵ ਯਾਦਵ ਨੇ ਸੂਬੇ ’ਚ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ ਪਰ ਫਿਰ ਵੀ ਦੁਕਾਨਦਾਰ ਚੰਦ ਪੈਸਿਆਂ ਲਈ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖੇਡ ਰਹੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਬਾਗੜੀਆਂ ਤੋਂ ਸਾਹਮਣੇ ਆਇਆ ਹੈ ਜਿਥੇ ਟਿਊਸ਼ਨ ’ਤੇ ਜਾ ਰਹੇ ਬੱਚੇ ਦੇ ਮੂੰਹ ਵਿਚ ਚਾਈਨਾ ਡੋਰ ਫਸ ਜਾਣ ਕਰਕੇ ਬੱਚੇ ਦਾ ਮੂੰਹ ਕੱਟਿਆ ਗਿਆ। ਜ਼ਖਮੀ ਬੱਚੇ ਦੇ ਮੂੰਹ ’ਤੇ 16 ਟਾਂਕੇ ਲਗਾਉਂਣੇ ਪਏ।
ਜ਼ਖਮੀ ਬੱਚੇ ਦੇ ਪਰਿਵਾਰਿਕ ਮੈਂਬਰ ਦਾ ਕਹਿਣਾ ਸੀ ਕਿ ਸਰਕਾਰ ਨੇ ਚਾਇਨਾ ਡੋਰ ਵੇਚਣ ’ਤੇ ਪਾਬੰਧੀ ਲਗਾ ਰੱਖੀ ਹੈ ਪਰ ਫਿਰ ਵੀ ਇਹ ਡੋਰ ਵਿਕ ਰਹੀ ਹੈ ਅਤੇ ਇਸ ਡੋਰ ਦੇ ਇਸਤੇਮਾਲ ਨਾਲ ਰਾਹ ਜਾਂਦੇ ਲੋਕ ਜ਼ਖਮੀ ਹੋ ਰਹੇ ਹਨ ਅਤੇ ਕੁਝ ਦੀ ਤਾਂ ਜਾਨ ਵੀ ਚਲੀ ਗਈ ਹੈ। ਓਹਨਾ ਕਿਹਾ ਕਿ ਸਾਡੇ ਬੱਚੇ ਨਵਜੋਤ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਬੱਚਾ ਟਿਊਸ਼ਨ ’ਤੇ ਜਾ ਰਿਹਾ ਸੀ ਅਤੇ ਰਸਤੇ ਵਿਚ ਚਾਈਨਾ ਡੋਰ ਮੂੰਹ ਵਿਚ ਫਸਣ ਨਾਲ ਬੱਚੇ ਦਾ ਮੂੰਹ ਦੋਵੇ ਤਰਫੋਂ ਕੱਟਿਆ ਗਿਆ ਅਤੇ ਬੱਚੇ ਦੇ ਜ਼ਖਮ ਨੂੰ ਠੀਕ ਕਰਨ ਲਈ 16 ਟਾਂਕੇ ਲਗਵਾਉਣੇ ਪਏ। ਓਹਨਾਂ ਕਿਹਾ ਕਿ ਚਾਈਨਾ ਡੋਰ ਨੂੰ ਬੰਦ ਕਰਨ ਲਈ ਸਖਤੀ ਨਾਲ ਕਦਮ ਚੁੱਕਣੇ ਪੈਣਗੇ।
ਓਥੇ ਹੀ ਥਾਣਾ ਭੈਣੀ ਮਿਆ ਖਾਨ ਦੇ ਐਸ.ਐਚ.ਓ. ਸੁਦੇਸ਼ ਕੁਮਾਰ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਜੋ ਬੱਚਾ ਪਤੰਗ ਉਡਾ ਰਿਹਾ ਸੀ ਉਸਦੀ ਡੋਰ ਨਾਲ ਨਵਜੋਤ ਜ਼ਖਮੀ ਹੋਇਆ ਹੈ। ਉਹ ਪਤੰਗ ਉਡਾਉਣ ਵਾਲੇ ਬੱਚੇ ਕੋਲੋ ਪੁੱਛਗਿੱਛ ਕਰਕੇ ਡੋਰ ਵੇਚਣ ਵਾਲੇ ਦੁਕਾਨਦਾਰ ਸੰਦੀਪ ਸਿੰਘ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ ਗਈ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਦੁਕਾਨਦਾਰ ਦੇ ਘਰੋ ਤੋਂ 16 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ ਜਿਸ ਤੋਂ ਬਾਅਦ ਉਸ ਉਤੇ ਕੇਸ ਦਰਜ ਕਰਦੇ ਹੋਏ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਹਾਸਲ ਹੋਈ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਕਿ ਦੁਕਾਨਦਾਰ ਸੰਦੀਪ ਸਿੰਘ ਇਹ ਚਾਈਨਾ ਡੋਰ ਦੁਕਾਨ ’ਤੇ ਨਹੀਂ ਬਲਕਿ ਆਪਣੇ ਘਰ ਵਿਚ ਰੱਖਦਾ ਸੀ।