ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਸ ਦਈਏ ਕਿ ਐਤਵਾਰ ਨੂੰ ਹੇਮਕੁੰਟ ਸਾਹਿਬ ਰੋਡ ‘ਤੇ ਗਲੇਸ਼ੀਅਰ ਦੇ ਖਿਸਕਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਆਖਰੀ ਜੱਥੇ ਦੇ ਛੇ ਸ਼ਰਧਾਲੂ ਸਮੇਂ ਸਿਰ ਹੇਮਕੁੰਟ ਸਾਹਿਬ ਤੋਂ ਰਵਾਨਾ ਹੋਏ, ਪਰ ਜ਼ਿਆਦਾ ਥਕਾਵਟ ਹੋਣ ਕਾਰਨ ਸ਼ਾਮ 6 ਵਜੇ ਤੱਕ ਅਟਲਾਕੁੜੀ ਤੱਕ ਹੀ ਪਹੁੰਚ ਪਾਏ। ਜਦੋਂ ਸ਼ਰਧਾਲੂ ਗਲੇਸ਼ੀਅਰ ਪੁਆਇੰਟ ਤੋਂ ਲੰਘ ਰਹੇ ਸਨ ਤਾਂ ਰਸਤੇ ਵਿੱਚ ਅਚਾਨਕ ਬਰਫ਼ ਖਿਸਕ ਗਈ। ਜਿਸ ਕਾਰਨ ਸ਼ਰਧਾਲੂ ਬਰਫ ਦੇ ਵਿਚਕਾਰ ਫਸ ਗਏ। SDRF ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਪੰਜ ਸ਼ਰਧਾਲੂਆਂ ਨੂੰ ਬਰਫ ‘ਚੋਂ ਬਾਹਰ ਕੱਢਿਆ। ਜਦਕਿ ਅੰਮ੍ਰਿਤਸਰ ਦੀ ਰਹਿਣ ਵਾਲੀ 37 ਸਾਲਾ ਕਮਲਜੀਤ ਕੌਰ ਦੀ ਮੌਤ ਹੋ ਗਈ। ਹਾਲਾਂਕਿ ITBP, SDRF, NDRF ਦੀਆਂ ਟੀਮਾਂ ਨੇ ਗਲੇਸ਼ੀਅਰ ਹੇਠਾਂ ਫਸੇ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਵੀ ਕੱਢ ਲਿਆ ਪਰ ਇਸ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ। ਟੀਮਾਂ ਨੇ ਤਲਾਸ਼ੀ ਆਪ੍ਰੇਸ਼ਨ ਚਲਾ ਕੇ ਮ੍ਰਿਤਕ ਔਰਤ ਦੀ ਲਾਸ਼ ਬਰਾਮਦ ਕੀਤੀ। ਦੱਸ ਦੇਈਏ ਕਿ ਭਾਰੀ ਬਰਫ਼ਬਾਰੀ ਕਾਰਨ ਕੁੱਝ ਦੇਰ ਲਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਰੋਕਣਾ ਵੀ ਪਿਆ ਹੈ।
ਜ਼ਿਕਰਯੋਗ ਹੈ ਕਿ ਹਰ ਸਾਲ ਲੱਖਾਂ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਂਦੇ ਨੇ ਅਤੇ ਇਸ ਯਾਤਰਾ ਨੂੰ ਕਾਫੀ ਮੁਸ਼ਕਲ ਵੀ ਮੰਨਿਆ ਜਾਂਦਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੇ ਨੇੜੇ ਭਾਰੀ ਬਰਫ਼ਬਾਰੀ ਤੇ ਬਾਰਿਸ਼ ਹੋਣ ਕਾਰਨ ਯਾਤਰਾ ਰੋਕੀ ਵੀ ਗਈ।