I.N.D.I.A. ਗਠਜੋੜ ਦੀ ਮੁੰਬਈ ਵਿੱਚ ਰੱਖ ਗਈ ਤੀਜੀ ਮੀਟਿੰਗ ਦਾ ਅੱਜ 1 ਸਤੰਬਰ ਨੂੰ ਦੂਜਾ ਦਿਨ ਰਿਹਾ। ਇਸ ਬੈਠਕ ਵਿਚ I.N.D.I.A. ਗਠਜੋੜ ਦੀ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਕੋਆਰਡੀਨੇਸ਼ਨ ਕਮੇਟੀ ਵਿੱਚ 14 ਮੈਂਬਰ ਸ਼ਾਮਲ ਹੋਣਗੇ। ਫਿਲਹਾਲ ਕਮੇਟੀ ਨੇ ਕਨਵੀਨਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦੇ ਹੋਏ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਅਸੀਂ ਦੇਸ਼ ਭਰ ਵਿੱਚ ਗਠਜੋੜ ਰੈਲੀਆਂ ਕਰਾਂਗੇ। ‘ਜੁੜੇਗਾ ਭਾਰਤ, ਜਿੱਤੇਗਾ ਇੰਡੀਆ’ ਥੀਮ ਤੈਅ ਕੀਤੀ ਗਈ ਹੈ। ਨਾਲ ਹੀ ਉਹਨਾਂ ਦੱਸਿਆ ਕਿ ਤਾਲਮੇਲ ਕਮੇਟੀ ਬਣਾਈ ਗਈ ਹੈ। ਊਧਵ ਨੇ ਇਹ ਵੀ ਕਿਹਾ ਕਿ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਅਸੀਂ ਤਾਨਾਸ਼ਾਹੀ-ਜੁਮਲੇਬਾਜ਼ਾਂ ਵਿਰੁੱਧ ਲੜਾਂਗੇ।
ਵਿਰੋਧੀ ਕਮੇਟੀ ਵਿੱਚ 1 ਮੁੱਖ ਮੰਤਰੀ, 1 ਉਪ ਮੁੱਖ ਮੰਤਰੀ, 2 ਸਾਬਕਾ ਮੁੱਖ ਮੰਤਰੀ, 5 ਰਾਜ ਸਭਾ ਅਤੇ 2 ਲੋਕ ਸਭਾ ਸੰਸਦ ਮੈਂਬਰਾਂ ਨੂੰ ਥਾਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੈਫਟ ਤੋਂ ਦੋ ਆਗੂਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (ਜੇਐਮਐਮ), ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ (ਆਰਜੇਡੀ) ਕਮੇਟੀ ਵਿੱਚ ਹਨ। ਜੰਮੂ ਅਤੇ ਕਸ਼ਮੀਰ ਦੇ ਦੋ ਸਾਬਕਾ ਮੁੱਖ ਮੰਤਰੀ – ਉਮਰ ਅਬਦੁੱਲਾ (ਐਨਸੀ) ਅਤੇ ਮਹਿਬੂਬਾ ਮੁਫਤੀ (ਪੀਡੀਪੀ)। ਪੰਜ ਰਾਜ ਸਭਾ ਸਾਂਸਦ – ਕੇਸੀ ਵੇਣੂਗੋਪਾਲ (ਕਾਂਗਰਸ), ਸੰਜੇ ਰਾਉਤ (ਸ਼ਿਵ ਸੈਨਾ ਯੂਬੀਟੀ), ਸ਼ਰਦ ਪਵਾਰ (ਐਨਸੀਪੀ), ਰਾਘਵ ਚੱਢਾ (ਆਪ) ਅਤੇ ਜਾਵੇਦ ਅਲੀ ਖਾਨ (ਐਸਪੀ)। ਦੋ ਲੋਕ ਸਭਾ ਮੈਂਬਰ- ਲਲਨ ਸਿੰਘ (ਜੇਡੀਯੂ), ਅਭਿਸ਼ੇਕ ਬੈਨਰਜੀ (ਟੀਐਮਸੀ)। ਡੀ ਰਾਜਾ (ਸੀਪੀਆਈ) ਅਤੇ ਸੀਪੀਆਈ (ਐਮ) ਦਾ ਇੱਕ ਮੈਂਬਰ ਵੀ ਸ਼ਾਮਲ ਕੀਤਾ ਗਿਆ ਹੈ। ਸੀਪੀਆਈ (ਐਮ) ਦੇ ਮੈਂਬਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਗਠਜੋੜ ਦੇ ਲੋਗੋ ‘ਤੇ ਸਹਿਮਤੀ ਨਹੀਂ ਬਣ ਸਕੀ। ਇਸ ਲਈ ਇਸ ਨੂੰ ਤੀਜੀ ਮੀਟਿੰਗ ਵਿੱਚ ਲਾਂਚ ਨਹੀਂ ਕੀਤਾ ਗਿਆ। 6 ਲੋਗੋ ਡਿਜ਼ਾਈਨ ਸ਼ਾਰਟਲਿਸਟ ਕੀਤੇ ਗਏ ਸਨ, ਜਿਨ੍ਹਾਂ ‘ਚੋਂ ਇਕ ਸਾਰਿਆਂ ਨੂੰ ਪਸੰਦ ਆਇਆ ਪਰ ਉਸ ਵਿਚ ਕੁਝ ਬਦਲਾਅ ਕੀਤੇ ਜਾਣੇ ਅਜੇ ਬਾਕੀ ਹਨ। ਇਸ ਬਾਰੇ ਅਗਲੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ। ਇਹ ਮੀਟਿੰਗ ਹੋਟਲ ਗ੍ਰੈਂਡ ਹਯਾਤ ਵਿਖੇ ਹੋਈ। ਬੈਠਕ ‘ਚ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਿਵੇਂ-ਜਿਵੇਂ I.N.D.I.A. ਮਜ਼ਬੂਤ ਹੋਵੇਗੀ, ਉਹਨਾਂ ਦੇ ਮੈਂਬਰਾਂ ‘ਤੇ ਛਾਪੇਮਾਰੀ ਅਤੇ ਗ੍ਰਿਫਤਾਰੀਆਂ ਵੀ ਵਧਣਗੀਆਂ। 31 ਅਗਸਤ ਦੀ ਮੀਟਿੰਗ ਦੇ ਪਹਿਲੇ ਦਿਨ 28 ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਕੱਠੇ ਹੋਏ ਹਨ।