ਇਸ ਵੇਲੇ ਦੀ ਅਹਿਮ ਅਤੇ ਵੱਡੀ ਖ਼ਬਰ ਅੱਤਵਾਦੀ ਸੰਗਠਨ ISIS ਨਾਲ ਜੁੜੀ ਸਾਹਮਣੇ ਆ ਰਹੀ ਹੈ। ਤੁਹਾਨੂੰ ਦਸ ਦਈਏ ਕਿ ISIS ਦਾ ਮਾਸਟਰਮਾਈਂਡ ਅਬੂ ਹਸਨ ਅਲ-ਹਾਸ਼ਿਮੀ (Abu Hasan al-Hashimi al-Qurashi) ਮਾਰਿਆ ਜਾ ਚੁੱਕਾ ਹੈ ਜਿਸ ਦੀ ਜਾਣਕਾਰੀ ਸੰਗਠਨ ਨੇ ਖ਼ੁਦ ਸਾਂਝੀ ਕੀਤੀ ਹੈ। ਜਾਣਕਾਰੀ ਦਿੰਦਿਆਂ ਸੰਗਠਨ ਨੇ ਦੱਸਿਆ ਕਿ ਉਸ ਦੇ ਸੰਗਠਨ ਦਾ ਨੇਤਾ ਅਬੂ ਹਸਨ ਅਲ-ਹਾਸ਼ਿਮੀ ਅਲ-ਕੁਰੈਸ਼ੀ ਯੁੱਧ ‘ਚ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਸੰਸਥਾ ਦੇ ਨਵੇਂ ਲੀਡਰ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਕ ਆਡੀਓ ਸੰਦੇਸ਼ ‘ਚ ਬੋਲਦਿਆਂ ਬੁਲਾਰੇ ਨੇ ਸੰਗਠਨ ਦੇ ਨਵੇਂ ਸਰਗਣਾ ਦੀ ਪਛਾਣ ਅਬੂ ਅਲ-ਹੁਸੈਨ ਅਲ-ਹੁਸੈਨੀ ਅਲ-ਕੁਰੈਸ਼ੀ ਵਜੋਂ ਕੀਤੀ ਹੈ। ਵੇਰਵੇ ਦਿੰਦਿਆਂ ਸਮੂਹ ਦੇ ਬੁਲਾਰੇ ਨੇ ਕਿਹਾ ਕਿ ਹਾਸ਼ਿਮੀ, ਇਕ ਇਰਾਕੀ, “ਅੱਲ੍ਹਾ ਦੇ ਦੁਸ਼ਮਣਾਂ ਨਾਲ ਲੜਾਈ ‘ਚ” ਮਾਰਿਆ ਗਿਆ।
ਹਾਲਾਂਕਿ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਇਹ ਨਹੀਂ ਦੱਸਿਆ ਕਿ ਅਬੂ ਹਸਨ ਦੀ ਮੌਤ ਕਦੋਂ ਹੋਈ। ਦੱਸ ਦੇਈਏ ਕਿ ISIS ਨੇ ਸਾਲ 2014 ‘ਚ ਇਰਾਕ ਅਤੇ ਸੀਰੀਆ ‘ਤੇ ਵੱਡੇ ਪੱਧਰ ‘ਤੇ ਕਬਜ਼ਾ ਕੀਤਾ ਸੀ ਪਰ ਹੌਲੀ-ਹੌਲੀ ਦੋਵਾਂ ਦੇਸ਼ਾਂ ਤੋਂ ਇਸ ਦੀ ਸਰਦਾਰੀ ਘਟਦੀ ਗਈ। ਇਰਾਕ ਅਤੇ ਸੀਰੀਆ ‘ਚ ਸਰਗਰਮ ਇਹ ਅੱਤਵਾਦੀ ਸੰਗਠਨ ਪਿਛਲੇ ਕੁਝ ਸਾਲਾਂ ‘ਚ ਕਾਫੀ ਕਮਜ਼ੋਰ ਹੋ ਚੁੱਕਾ ਹੈ। ਪਹਿਲਾਂ, ਆਈਐੱਸਆਈਐੱਸ ਨੂੰ 2017 ‘ਚ ਇਰਾਕ ਵਿੱਚ ਉਖਾੜ ਦਿੱਤਾ ਗਿਆ ਸੀ ਅਤੇ ਫਿਰ 2 ਸਾਲਾਂ ਬਾਅਦ ਸੀਰੀਆ ਵਿੱਚ ਵੀ ਇਸ ਨੂੰ ਤਬਾਹ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਕੁਝ ਮੌਕਿਆਂ ‘ਤੇ ਇਸ ਸੰਗਠਨ ਦੇ ਅੱਤਵਾਦੀ ਹਮਲੇ ਕਰਦੇ ਰਹਿੰਦੇ ਹਨ। ਇਸ ਦੇ ਅੱਤਵਾਦੀ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਵੀ ਦਹਿਸ਼ਤ ਫੈਲਾਉਣ ਦਾ ਕੰਮ ਕਰਦੇ ਹਨ।