ਦਿੱਲੀ ਵਿੱਚ ਮੇਅਰ ਦੇ ਅਹੁਦੇ ਦੀ ਚੋਣ ਦੌਰਾਨ ਵੱਡਾ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਜਿਸ ਤੋਂ ਬਾਅਦ ਮੇਅਰ ਦੇ ਅਹੁਦੇ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਹੋਏ ਜ਼ਬਰਦਸਤ ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਉੱਪ ਰਾਜਪਾਲ ਵੀਕੇ ਸਕਸੈਨਾ ਵਲੋਂ ਨਿਯੁਕਤ 10 ‘ਐਲਡਰਮੈਨ’ (ਨਾਮਜ਼ਦ ਕੌਂਸਲਰ) ਨੂੰ ਪਹਿਲੇ ਸਹੁੰ ਚੁਕਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਦੇ ਤਿੱਖੇ ਵਿਰੋਧ ਦਰਮਿਆਨ ਨਵੇਂ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੀ ਪਹਿਲੀ ਬੈਠਕ ਐਤਵਾਰ ਨੂੰ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੇ ਬਿਨਾਂ ਹੀ ਮੁਲਤਵੀ ਕਰ ਦਿੱਤੀ ਗਈ। ਮੇਅਰ ਅਤੇ ਡਿਪਟੀ ਮੇਅਰ ਚੋਣ ਲਈ ਨਿਯੁਕਤ ਅਧਿਕਾਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਂਸਲਰ ਸੱਤਿਆ ਸ਼ਰਮਾ ਨੇ ਕਿਹਾ,”ਐੱਮ.ਸੀ.ਡੀ. ਸਦਨ ਦੀ ਬੈਠਕ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਹੈ। ਅਗਲੀ ਤਾਰੀਖ਼ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।” ਐੱਮ.ਸੀ.ਡੀ. ਸਦਨ ‘ਚ 10 ‘ਐਲਡਰਮੈਨ’ ਨੂੰ ਸਹੁੰ ਚੁਕਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦੇ ਨਾਲ ਹੀ ਹੰਗਾਮਾ ਹੋਣ ਲੱਗਾ। ‘ਆਪ’ ਦੇ ਕਈ ਵਿਧਾਇਕ ਅਤੇ ਕੌਂਸਲਰ ਨਾਅਰੇ ਲਗਾਉਂਦੇ ਹੋਏ ਆਸਨ ਦੇ ਕਰੀਬ ਪਹੁੰਚ ਗਏ।
ਉਨ੍ਹਾਂ ਨੇ ਚੁਣੇ ਗਏ ਕੌਂਸਲਰਾਂ ਦੀ ਬਜਾਏ ‘ਐਲਡਰਮੈਨ’ ਨੂੰ ਪਹਿਲੇ ਸਹੁੰ ਚੁਕਾਉਣ ਦਾ ਵਿਰੋਧ ਕੀਤਾ। ਜਵਾਬ ‘ਚ ਭਾਜਪਾ ਕੌਂਸਲਰਾਂ ਨੇ ‘ਆਪ’ ਅਤੇ ਉਸ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮੇ ਦਰਮਿਆਨ ਦੋਹਾਂ ਪੱਖਾਂ ਨੇ ਇਕ-ਦੂਜੇ ਦੇ ਮੈਂਬਰਾਂ ‘ਤੇ ਹੱਥੋਪਾਈ ਦਾ ਦੋਸ਼ ਵੀ ਲਗਾਇਆ। ਬੈਠਕ ਦੀ ਸ਼ੁਰੂਆਤ ਭਾਜਪਾ ਕੌਂਸਲਰ ਸੱਤਿਆ ਸ਼ਰਮਾ ਨੂੰ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਮੇਅਰ ਅਤੇ ਡਿਪਟੀ ਮੇਅਰ ਅਹੁਦੇ ਲਈ ਚੋਣ ਲਈ ਅਧਿਕਾਰੀ ਵਜੋਂ ਸਹੁੰ ਚੁਕਾਉਣ ਨਾਲ ਹੋਈ। ਸ਼ਰਮਾ ਦੇ ‘ਐਲਡਰਮੈਨ’ ਮਨੋਜ ਕੁਮਾਰ ਨੂੰ ਸਹੁੰ ਚੁੱਕਣ ਲਈ ਬੁਲਾਉਣ ‘ਤੇ ‘ਆਪ’ ਵਿਧਾਇਕ ਅਤੇ ਕੌਂਸਲਰ ਵਿਰੋਧ ਕਰਨ ਲੱਗੇ। ਕਈ ਵਿਧਾਇਕ ਅਤੇ ਕੌਂਸਲਰ ਨਾਅਰੇ ਲਗਾਉਂਦੇ ਹੋਏ ਸਦਨ ‘ਚ ਆਸਨ ਦੇ ਕਰੀਬ ਪਹੁੰਚ ਗਏ। ‘ਆਪ’ ਕੌਂਸਲਰਾਂ ਦੇ ਪ੍ਰਧਾਨਗੀ ਅਧਿਕਾਰੀ ਦੀ ਮੇਜ਼ ਸਮੇਤ ਹੋਰ ਮੇਜ਼ ‘ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਨ ਦਰਮਿਆਨ ਸਹੁੰ ਚੁਕਾਉਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ। ਭਾਜਪਾ ਦੇ ਕੌਂਸਲਰ ਵੀ ਮੇਜ਼ ਦੇ ਨੇੜੇ-ਤੇੜੇ ਜਮ੍ਹਾ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਅਤੇ ‘ਆਪ’ ਕੌਂਸਲਰਾਂ ਦਰਮਿਆਨ ਤਿੱਖੀ ਜ਼ੁਬਾਨੀ ਜੰਗ ਦੇਖਣ ਨੂੰ ਮਿਲੀ। ਸ਼ਰਮਾ ਨੂੰ ਦੱਸਿਆ, ”ਪਹਿਲੇ ਸਦਨ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ ਕੀਤੀ ਗਈ ਸੀ। ਚਾਰ ‘ਐਲਡਰਮੈਨ’ ਨੇ ਸਹੁੰ ਚੁੱਕੀ। ਅਸੀਂ ਜਲਦ ਬੈਠਕ ਕਰਾਂਗੇ ਅਤੇ ਬਾਕੀ ‘ਐਲਡਰਮੈਨ’ ਨੂੰ ਪਹਿਲੇ ਸਹੁੰ ਚੁਕਾਈ ਜਾਵੇਗੀ।”