ਮੱਧ ਪ੍ਰਦੇਸ਼ ਵਿੱਚ, ਪੁਲਿਸ ਨੇ ਪ੍ਰਵੇਸ਼ ਸ਼ੁਕਲਾ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਇੱਕ ਦੂਜੇ ਵਿਅਕਤੀ ‘ਤੇ ਪਿਸ਼ਾਬ ਕਰਦਾ ਹੋਇਆ ਕੈਮਰੇ ਵਿੱਚ ਕੈਦ ਹੋ ਗਿਆ। ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਦਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਰਾਬੀ ਵਿਅਕਤੀ ਦੂਜੇ ਆਦਿਵਾਸੀ ਵਿਅਕਤੀ ‘ਤੇ ਪਿਸ਼ਾਬ ਕਰ ਰਿਹਾ ਹੈ।ਦੋਸ਼ੀ ਨੌਜਵਾਨ ਦੀ ਪਛਾਣ ਪ੍ਰਵੇਸ਼ ਸ਼ੁਕਲਾ ਵਜੋਂ ਹੋਈ ਹੈ। ਇਸ ਵੀਡੀਓ ਨੇ ਸੂਬੇ ‘ਚ ਸਿਆਸੀ ਵਿਵਾਦ ਪੈਦਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸਖਤ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਦੇਣਾ ਪਿਆ।
ਪੁਲਿਸ ਮੁਤਾਬਕ ਸ਼ੁਕਲਾ ( ਜੋ ਗ੍ਰਿਫਤਾਰੀ ਤੋਂ ਬਚਣ ਲਈ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੁਕ ਜਾਂਦਾ ਸੀ) ਨੂੰ ਸਵੇਰੇ 2 ਵਜੇ ਫੜ ਕੇ ਪੁੱਛਗਿੱਛ ਕੀਤੀ ਗਈ। ਉਸ ਦੇ ਖਿਲਾਫ ਰਾਸ਼ਟਰੀ ਸੁਰੱਖਿਆ ਐਕਟ, ਐਸਸੀ/ਐਸਟੀ ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਦੇ ਹਿੱਸੇ ਵਜੋਂ ਸ਼ੁਕਲਾ ਦੀ ਪਤਨੀ ਅਤੇ ਮਾਤਾ-ਪਿਤਾ ਤੋਂ ਵੀ ਪੁੱਛਗਿੱਛ ਕੀਤੀ ਗਈ। ਜਦੋਂ ਪੁਲਿਸ ਕਰੌਂਡੀ ਦੇ ਰਹਿਣ ਵਾਲੇ 36 ਸਾਲਾ ਦਸ਼ਮਤ ਰਾਵਤ ਨੂੰ ਪੁੱਛਗਿੱਛ ਲਈ ਲੈ ਕੇ ਆਈ ਤਾਂ ਉਸ ਨੇ ਵਾਇਰਲ ਵੀਡੀਓ ਨੂੰ ਫਰਜ਼ੀ ਦੱਸਿਆ। ਇੱਕ ਹਲਫ਼ਨਾਮਾ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਵੀਡੀਓ ਫਰਜ਼ੀ ਸੀ ਅਤੇ ਸ਼ੁਕਲਾ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਬਣਾਇਆ ਗਿਆ ਸੀ।
ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਹ ਹਲਫਨਾਮਾ ਕਥਿਤ ਤੌਰ ‘ਤੇ ਦਬਾਅ ਹੇਠ ਤਿਆਰ ਕੀਤਾ ਗਿਆ ਸੀ ਅਤੇ ਹੁਣ ਤੱਕ ਕਿਸੇ ਅਥਾਰਟੀ ਨੂੰ ਸੌਂਪਿਆ ਨਹੀਂ ਗਿਆ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਨਾਲ ਸ਼ੁਕਲਾ ਦੇ ਕਥਿਤ ਸਬੰਧਾਂ ਦੀ ਵਿਰੋਧੀ ਕਾਂਗਰਸ ਨੇ ਨਿਖੇਧੀ ਕੀਤੀ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਇਹ ਹੈਰਾਨ ਕਰਨ ਵਾਲੀ ਘਟਨਾ ਮੱਧ ਪ੍ਰਦੇਸ਼ ਵਿੱਚ ਆਦਿਵਾਸੀ ਲੋਕਾਂ ਵਿਰੁੱਧ ਹਿੰਸਾ ਦੀ ਇੱਕ ਵਿਆਪਕ ਸਮੱਸਿਆ ਦਾ ਨਤੀਜਾ ਸੀ।ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ, “ਸੂਬੇ ਦੇ ਸੀਧੀ ਜ਼ਿਲ੍ਹੇ ਦੇ ਇੱਕ ਆਦਿਵਾਸੀ ਨੌਜਵਾਨ ‘ਤੇ ਪਿਸ਼ਾਬ ਕਰਨ ਦੀ ਅੱਤਿਆਚਾਰ ਵਾਲੀ ਵੀਡੀਓ ਸਾਹਮਣੇ ਆਈ ਹੈ। ਇੱਕ ਸੱਭਿਅਕ ਸਮਾਜ ਵਿਚ ਆਦਿਵਾਸੀ ਭਾਈਚਾਰੇ ਨਾਲ ਇਸ ਤਰ੍ਹਾਂ ਦੇ ਘਿਨਾਉਣੇ ਕੰਮ ਦੀ ਇੱਥੇ ਕੋਈ ਥਾਂ ਨਹੀਂ ਹੈ।”
ਉਨ੍ਹਾਂ ਕਿਹਾ, ”ਇਸ ਘਟਨਾ ਨੇ ਪੂਰੇ ਮੱਧ ਪ੍ਰਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਮੱਧ ਪ੍ਰਦੇਸ਼ ‘ਚ ਆਦਿਵਾਸੀਆਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।” ਸੀਧੀ ਤੋਂ ਭਾਜਪਾ ਵਿਧਾਇਕ ਕੇਦਾਰਨਾਥ ਸ਼ੁਕਲਾ ਅਤੇ ਰੀਵਾ ਤੋਂ ਭਾਜਪਾ ਦੇ ਵਿਧਾਇਕ ਡਾ. ਵਿਧਾਇਕ ਰਾਜੇਂਦਰ ਸ਼ੁਕਲਾ ਦੇ ਨਾਲ ਦੋਸ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਹਾਲਾਂਕਿ ਪਾਰਟੀ ਨੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ। ਕੇਦਾਰਨਾਥ ਸ਼ੁਕਲਾ ਨੇ ਕਿਹਾ, “ਮੈਂ ਉਨ੍ਹਾਂ ਨੂੰ ਇਸ ਲਈ ਜਾਣਦਾ ਹਾਂ ਕਿਉਂਕਿ ਉਹ ਮੇਰੇ ਹਲਕੇ ਤੋਂ ਹਨ, ਪਰ ਉਹ ਮੇਰੇ ਪ੍ਰਤੀਨਿਧੀ ਜਾਂ ਭਾਜਪਾ ਵਰਕਰ ਨਹੀਂ ਹਨ।”