ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬ੍ਰਿਟੇਨ ‘ਚ ਭਾਰਤੀ ਹਾਈ ਕਮਿਸ਼ਨ ‘ਤੇ ਹਾਲ ਹੀ ‘ਚ ਹੋਏ ਹਮਲੇ ‘ਚ ਸ਼ਾਮਲ ਲੋਕਾਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਹਨ ਅਤੇ ਲੋਕਾਂ ਨੂੰ ਇਹਨਾਂ ਦੋਸ਼ੀਆਂ ਦੀ ਪਛਾਣ ਦੀ ਅਪੀਲ ਕੀਤੀ ਗਈ ਹੈ। ਐੱਨ.ਆਈ.ਏ. ਨੇ ਲੁੱਕਆਊਟ ਨੋਟਿਸ ਜਾਰੀ ਕਰਕੇ 45 ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜੋ ਇਸ ਸਾਲ ਮਾਰਚ ਵਿਚ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਭੰਨਤੋੜ ਕਰਨ ਅਤੇ ਭਾਰਤੀ ਰਾਸ਼ਟਰੀ ਝੰਡੇ ਦੀ ਬੇਅਦਬੀ ਕਰਨ ਲਈ ਜ਼ਿੰਮੇਵਾਰ ਸਨ। NIA ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬੁੱਧਵਾਰ ਨੂੰ ਕੀਤੇ ਗਏ ਟਵੀਟ ‘ਚ ਲਿਖਿਆ ਗਿਆ ਹੈ ਕਿ ਤੁਹਾਨੂੰ ਪਛਾਣ ਕਰਨ ਜਾਂ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ।
ਇਹ ਲੋਕ 19 ਮਾਰਚ ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ‘ਤੇ ਹੋਏ ਹਮਲੇ ਵਿਚ ਸ਼ਾਮਲ ਸਨ। ਉਨ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ ਅਤੇ ਭਾਰਤੀ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਹੈ। ਜੇਕਰ ਕਿਸੇ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਇਸ ਨੰਬਰ +917290009373 ‘ਤੇ ਵਟਸਐਪ ਜਾਂ ਸਿੱਧਾ ਸੰਪਰਕ ਕਰੋ। ਇਸ ਤੋਂ ਪਹਿਲਾਂ ਸੋਮਵਾਰ (12 ਜੂਨ) ਨੂੰ NIA ਨੇ ਰਾਸ਼ਟਰ ਵਿਰੋਧੀ ਅਨਸਰਾਂ ਵੱਲੋਂ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਤੋੜ-ਭੰਨ ਕਰਨ ਦੀ ਕੋਸ਼ਿਸ਼ ਦੀ ਦੋ ਘੰਟੇ ਤੋਂ ਵੱਧ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੇ ਸੀ।
ਜ਼ਿਕਰਯੋਗ ਹੈ ਕਿ 19 ਮਾਰਚ ਨੂੰ ਲੰਡਨ ਵਿਚ ਖਾਲਿਸਤਾਨ ਸਮਰਥਕ ਪ੍ਰਦਰਸ਼ਨਕਾਰੀ ਭਾਰਤੀ ਹਾਈ ਕਮਿਸ਼ਨ ਦੀ ਬਾਲਕੋਨੀ ‘ਤੇ ਚੜ੍ਹ ਗਏ ਅਤੇ ਭਾਰਤੀ ਝੰਡੇ ਨੂੰ ਹੇਠਾਂ ਉਤਾਰ ਦਿੱਤਾ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ।